ਜੰਮੂ : ਰੇਲਵੇ ਬੋਰਡ ਨੇ ਕੇਂਦਰੀ ਕਸ਼ਮੀਰ ਦੇ ਬਡਗਾਮ ਤੋਂ ਦਿੱਲੀ ਦੇ ਆਦਰਸ਼ ਨਗਰ ਤੱਕ ਇੱਕ ਸੰਯੁਕਤ ਪਾਰਸਲ ਉਤਪਾਦ ਰੈਪਿਡ ਕਾਰਗੋ ਟ੍ਰੇਨ ਨੂੰ ਮਨਜ਼ੂਰੀ ਦੇ ਦਿੱਤੀ। ਇਸਦਾ ਉਦੇਸ਼ ਜੰਮੂ ਅਤੇ ਕਸ਼ਮੀਰ ਦੇ ਸਵਦੇਸ਼ੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨਾ ਹੈ। ਉੱਤਰੀ ਰੇਲਵੇ ਦਾ ਜੰਮੂ ਡਿਵੀਜ਼ਨ ਇਸ ਟ੍ਰੇਨ ਨੂੰ ਰੋਜ਼ਾਨਾ ਅਧਾਰ 'ਤੇ ਚਲਾਏਗਾ। ਇਹ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਅਜਿਹੀ ਪਹਿਲੀ ਸੇਵਾ ਹੈ। ਸੀਨੀਅਰ ਵਪਾਰਕ ਡਿਵੀਜ਼ਨਲ ਮੈਨੇਜਰ (ਜੰਮੂ ਡਿਵੀਜ਼ਨ) ਉਚਿਤ ਸਿੰਘਲ ਨੇ ਕਿਹਾ ਕਿ ਇਸਦਾ ਮੁੱਖ ਉਦੇਸ਼ ਜੰਮੂ ਅਤੇ ਕਸ਼ਮੀਰ ਦੇ ਵਪਾਰੀਆਂ ਨੂੰ ਲਾਭ ਪਹੁੰਚਾਉਣਾ ਅਤੇ ਕਸ਼ਮੀਰੀ ਸਮਾਨ - ਸੇਬ, ਕੇਸਰ, ਸੁੱਕੇ ਮੇਵੇ ਅਤੇ ਅਖਰੋਟ, ਪਸ਼ਮੀਨਾ ਸ਼ਾਲ, ਕਾਰਪੇਟ ਅਤੇ ਹੋਰ ਦਸਤਕਾਰੀ - ਦੀ ਦੇਸ਼ ਦੇ ਹਰ ਕੋਨੇ ਤੱਕ ਆਵਾਜਾਈ ਨੂੰ ਸੁਵਿਧਾਜਨਕ ਬਣਾਉਣਾ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੀ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨਾ ਹੈ।
ਸਿੰਘਲ ਨੇ ਕਿਹਾ ਕਿ ਇਹ ਰੇਲਗੱਡੀ ਲਗਭਗ 23 ਘੰਟਿਆਂ 'ਚ ਆਪਣੇ ਮੰਜ਼ਿਲ ਸਟੇਸ਼ਨ, ਆਦਰਸ਼ ਨਗਰ 'ਤੇ ਪਹੁੰਚ ਜਾਵੇਗੀ। ਉਸਨੇ ਕਿਹਾ ਕਿ ਇਸ 'ਚ ਅੱਠ ਪਾਰਸਲ ਵੈਨਾਂ ਨਾਲ ਇੱਕ ਬੈਠਣ-ਕਮ-ਸਾਮਾਨ ਰੇਕ ਹੋਵੇਗਾ। ਬਾਰੀ ਬ੍ਰਾਹਮਣਾ ਸਟੇਸ਼ਨ 'ਤੇ ਸਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ । ਮਾਲ ਗੱਡੀ ਸ਼ੁਰੂਆਤੀ ਸਾਲ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਚਲਾਈ ਜਾਵੇਗੀ। ਸਿੰਘਲ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਪੁਲਸ ਰੇਲਗੱਡੀ ਦੇ ਦੋਵੇਂ ਪਾਸੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਪ੍ਰਬੰਧ ਕਰੇਗੀ। ਇਹ ਸੜਕ ਯਾਤਰਾ ਦੇ ਮੁਕਾਬਲੇ ਇੱਕ ਕਿਫ਼ਾਇਤੀ ਵਿਕਲਪ ਸਾਬਤ ਹੋਵੇਗਾ ਕਿਉਂਕਿ ਰਜਿਸਟ੍ਰੇਸ਼ਨ ਫੀਸ ਘਟਾ ਦਿੱਤੀ ਗਈ ਹੈ।