ਜਲੰਧਰ : ਬੀ. ਐੱਸ. ਐੱਫ਼. ਹੈੱਡਕੁਆਰਟਰ ਦੇ ਬਾਹਰ ਹੋਏ ਆਈ. ਈ. ਡੀ. ਧਮਾਕੇ ਮਾਮਲੇ ਵਿਚ ਪੁਲਸ ਅਤੇ ਖ਼ੁਫ਼ੀਆ ਵਿੰਗ ਨੂੰ ਮਹੱਤਵਪੂਰਨ ਸੁਰਾਗ ਮਿਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਅਤੇ ਏਜੰਸੀਆਂ ਨੇ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਨਿਲ ਸ਼ਰਮਾ ਵਜੋਂ ਹੋਈ ਹੈ ਅਤੇ ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਪੰਜਾਬ ਪੁਲਸ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੰਜਾਬ ਪੁਲਸ ਧਮਾਕੇ ਦੇ ਪਿੱਛੇ ਦੀ ਸਾਜ਼ਿਸ਼ ਅਤੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਮਾਸਟਰਮਾਈਂਡ ਨੂੰ ਦਿੱਲੀ 'ਚ ਹਿਰਾਸਤ ਵਿੱਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਦੁਆਰਾ ਪੰਜਾਬ ਪੁਲਸ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਇਕ ਸਾਂਝੇ ਆਪ੍ਰੇਸ਼ਨ ਵਿੱਚ ਕੀਤੀ ਗਈ ਸੀ। ਇਸ ਮਾਮਲੇ ਦੇ ਤਾਰ ਆਈ. ਐੱਸ. ਆਈ. ਨਾਲ ਜੁੜੇ ਹਨ।
ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦਾ ਮਾਸਟਰਮਾਈਂਡ ਸ਼ਹਿਜ਼ਾਦ ਭੱਟੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਿ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਅੱਤਵਾਦੀ ਸਾਜਿਸ਼ ਦਾ ਪਲਾਨ ਸੀ। ਮੁਲਜ਼ਮ ਪੰਜਾਬ ਵਿਚ ਹੀ ਰਹਿੰਦਾ ਹੈ ਅਤੇ ਉਸ ਨੇ ਸਿਮ ਕਾਰਡ ਦੀ ਵਰਤੋਂ ਕਰਕੇ ਧਮਾਕਾ ਕੀਤਾ ਸੀ। ਸੂਤਰਾਂ ਮੁਤਾਬਕ ਮੁਲਜ਼ਮ ਨੇ ਆਈ. ਡੀ. ਕਾਰਡ 'ਚ ਆਪਣਾ ਸਿਮ ਕਾਰਡ ਲਗਾਇਆ ਹੋਇਆ ਸੀ ਅਤੇ ਆਈ. ਈ. ਡੀ. ਲਗਾਉਣ ਲਈ ਵਰਤੇ ਗਏ ਉਸੇ ਨੰਬਰ 'ਤੇ ਕਾਲ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਸਰਹੱਦੀ ਖੇਤਰ ਦੇ ਕਿਸੇ ਵਿਅਕਤੀ ਤੋਂ ਆਈ. ਈ. ਡੀ. ਸਮੱਗਰੀ ਪ੍ਰਾਪਤ ਕੀਤੀ ਸੀ। ਸੁਰੱਖਿਆ ਏਜੰਸੀਆਂ ਸਮੱਗਰੀ ਦੇਣ ਵਾਲੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ। ਧਮਾਕੇ ਦੇ ਸੰਬੰਧ 'ਚ ਪੰਜਾਬ 'ਚ ਇਕ ਵੱਡਾ ਆਪ੍ਰੇਸ਼ਨ ਚੱਲ ਰਿਹਾ ਹੈ। ਟੀਮਾਂ ਦੇਰ ਰਾਤ ਤੱਕ ਨਕੋਦਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੁਸ਼ਿਆਰਪੁਰ ਖੇਤਰਾਂ ਦੀ ਜਾਂਚ ਕਰ ਰਹੀਆਂ ਹਨ।