ਕੇਂਦਰ ਸਰਕਾਰ ਨੇ ਮੈਟਰੋ ਸ਼ਹਿਰਾਂ ਅਤੇ ਇਕ ਮਿਲੀਅਨ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚ ਜਨ ਔਸ਼ਧੀ ਕੇਂਦਰ ਖੋਲ੍ਹਣ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ। ਹੁਣ ਇਨ੍ਹਾਂ ਸ਼ਹਿਰਾਂ ਵਿਚ ਕਿਸੇ ਵੀ ਦੋ ਕੇਂਦਰਾਂ ਵਿਚਕਾਰ ਘੱਟੋ-ਘੱਟ ਦੂਰੀ ਬਣਾਈ ਰੱਖਣ ਦੀ ਲੋੜ ਨਹੀਂ ਰਹੇਗੀ। ਇਸ ਕਦਮ ਦਾ ਉਦੇਸ਼ ਜਨ ਔਸ਼ਧੀ ਕੇਂਦਰਾਂ ਦੀ ਪਹੁੰਚ ਵਧਾਉਣਾ ਅਤੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ (PMBJP) ਦੇ ਤਹਿਤ ਲੋਕਾਂ ਨੂੰ ਕਿਫਾਇਤੀ ਜੈਨਰਿਕ ਦਵਾਈਆਂ ਮੁਹੱਈਆ ਕਰਵਾਉਣਾ ਹੈ।
ਫਾਰਮਾਸਿਊਟੀਕਲਜ਼ ਐਂਡ ਮੈਡੀਕਲ ਡਿਵਾਈਸਿਜ਼ ਬਿਊਰੋ ਆਫ਼ ਇੰਡੀਆ (PMBI) ਨੇ 10 ਸਤੰਬਰ ਨੂੰ ਇਕ ਦਸਤਾਵੇਜ਼ ਵਿਚ ਕਿਹਾ ਹੈ ਕਿ ਹੁਣ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੁਰੂ, ਹੈਦਰਾਬਾਦ ਅਤੇ ਅਹਿਮਦਾਬਾਦ ਵਿਚ ਕੋਈ ਘੱਟੋ-ਘੱਟ ਦੂਰੀ ਲਾਗੂ ਨਹੀਂ ਹੋਵੇਗੀ।
ਮਿਲੀਅਨ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਲਈ ਛੋਟ
ਇਹ ਛੋਟ 2011 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ 10 ਲੱਖ ਤੋਂ ਵੱਧ ਆਬਾਦੀ ਵਾਲੇ 46 ਸ਼ਹਿਰਾਂ 'ਤੇ ਵੀ ਲਾਗੂ ਹੋਵੇਗੀ। ਇਸ ਵਿੱਚ ਪੁਣੇ, ਸੂਰਤ, ਜੈਪੁਰ, ਕਾਨਪੁਰ, ਲਖਨਊ, ਨਾਗਪੁਰ, ਗਾਜ਼ੀਆਬਾਦ, ਇੰਦੌਰ, ਕੋਇੰਬਟੂਰ ਅਤੇ ਕੋਚੀ ਵਰਗੇ ਵੱਡੇ ਸ਼ਹਿਰ ਸ਼ਾਮਲ ਹਨ। ਹਾਲਾਂਕਿ, ਨਵੇਂ ਕੇਂਦਰਾਂ ਲਈ ਜਿਨ੍ਹਾਂ ਨੇ ਅਜੇ ਦੋ ਸਾਲ ਪੂਰੇ ਨਹੀਂ ਕੀਤੇ ਹਨ, ਘੱਟੋ-ਘੱਟ 1 ਕਿਲੋਮੀਟਰ ਦੀ ਦੂਰੀ ਬਣਾਈ ਰੱਖਣ ਦਾ ਨਿਯਮ ਅਜੇ ਵੀ ਲਾਗੂ ਰਹੇਗਾ।
ਛੋਟੇ ਕਸਬਿਆਂ ਲਈ ਕੋਈ ਬਦਲਾਅ ਨਹੀਂ
ਇੱਥੇ ਦੱਸ ਦਈਏ ਕਿ ਨਿਯਮ ਛੋਟੇ ਕਸਬਿਆਂ ਅਤੇ ਹੋਰ ਸ਼ਹਿਰੀ ਖੇਤਰਾਂ ਵਿਚ ਪੁਰਾਣਾ ਨਿਯਮ ਹੀ ਲਾਗੂ ਰਹੇਗਾ। ਯਾਨੀ ਕਿ ਕਿਸੇ ਵੀ ਦੋ ਜਨ ਔਸ਼ਧੀ ਕੇਂਦਰਾਂ ਵਿਚਕਾਰ 1 ਕਿਲੋਮੀਟਰ ਦੀ ਦੂਰੀ ਬਣਾਈ ਰੱਖਣਾ ਲਾਜ਼ਮੀ ਹੈ। ਪੀ. ਐੱਮ. ਬੀ. ਆਈ. ਦੇ ਨਵੇਂ ਸੀ.ਈ.ਓ. ਸੁਵਾਸਿਸ ਦਾਸ ਨੇ ਅਧਿਕਾਰੀਆਂ ਨੂੰ ਇਸ ਬਦਲਾਅ ਨੂੰ ਤੁਰੰਤ ਲਾਗੂ ਕਰਨ ਅਤੇ ਇਸ ਨੀਤੀ ਅਨੁਸਾਰ ਨਵੇਂ ਕੇਂਦਰਾਂ ਨੂੰ ਮਨਜ਼ੂਰੀ ਦੇਣ ਦੇ ਆਦੇਸ਼ ਦਿੱਤੇ ਹਨ।