ਮੁੰਬਈ : ਭਾਰਤ ਦੀ ਸਭ ਤੋਂ ਵੱਡੀ ਓਰਿਜਨਲ ਕੰਟੈਂਟ ਸਟ੍ਰੀਮਿੰਗ ਸੇਵਾ ਪ੍ਰਾਈਮ ਵੀਡੀਓ ਨੇ ਕਾਮੇਡੀ-ਡਰਾਮਾ ਸੀਰੀਜ਼ ‘ਪੰਚਾਇਤ’ ਸੀਜ਼ਨ 5 ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ। ਸੱਤਾ ਦੀ ਨਵੀਂ ਕੁਰਸੀ ਅਤੇ ਡਰਾਮੇ ਦੇ ਨਵੇਂ ਦੌਰ ਨਾਲ ‘ਪੰਚਾਇਤ’ ਨਵੇਂ ਸੀਜ਼ਨ ਦੇ ਨਾਲ ਇਕ ਵਾਰ ਫਿਰ ਪਰਤ ਆਈ ਹੈ।
ਇਸ ਸੀਜ਼ਨ ਦਾ ਨਿਰਦੇਸ਼ਨ ਦੀਪਕ ਕੁਮਾਰ ਮਿਸ਼ਰਾ ਨੇ ਕੀਤਾ ਹੈ, ਉੱਥੇ ਹੀ ਕਹਾਣੀ ਚੰਦਨ ਕੁਮਾਰ ਨੇ ਲਿਖੀ ਹੈ। ਇਸ ਦਾ ਨਿਰਮਾਣ ਦਿ ਵਾਇਰਲ ਫੀਵਰ (ਟੀ.ਵੀ.ਐੱਫ.) ਨੇ ਕੀਤਾ ਹੈ। ‘ਪੰਚਾਇਤ’ ਸੀਜ਼ਨ 5 ਵਿਚ ਇਕ ਵਾਰ ਫਿਰ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਕਲਾਕਾਰਾਂ ਦੀ ਪੂਰੀ ਟੋਲੀ ਨਜ਼ਰ ਆਵੇਗੀ। ਇਸ ’ਚ ਜਤਿੰਦਰ ਕੁਮਾਰ, ਰਘੁਬੀਰ ਯਾਦਵ, ਨੀਨਾ ਗੁਪਤਾ, ਸੁਨੀਤਾ ਰਾਜਵਰ, ਫੈਜ਼ਲ ਮਲਿਕ, ਚੰਦਨ ਰਾਏ, ਸੰਵਿਕਾ, ਦੁਰਗੇਸ਼ ਕੁਮਾਰ ਅਤੇ ਅਸ਼ੋਕ ਪਾਠਕ ਸ਼ਾਮਿਲ ਹਨ। ‘ਪੰਚਾਇਤ’ ਸੀਜ਼ਨ 5 ਦਾ ਪ੍ਰੀਮੀਅਰ 3 ਦਸੰਬਰ ਨੂੰ ਐਕਸਕਲੂਸਿਵ ਪ੍ਰਾਈਮ ਵੀਡੀਓ ’ਤੇ ਹੋਵੇਗਾ।
‘ਪੰਚਾਇਤ’ ਸੀਜ਼ਨ 5 ਦਾ ਟ੍ਰੇਲਰ ਫੁਲੇਰਾ ’ਚ ਡਰਾਮੇ ਦੀ ਮਜ਼ੇਦਾਰ ਝਲਕ ਦਿਖਾਉਂਦਾ ਹੈ, ਜਿੱਥੇ ਹੁਣ ਕੁਰਸੀ ਕਿਸੇ ਹੋਰ ਦੇ ਹੱਥ ’ਚ ਆ ਗਈ ਹੈ ਪਰ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪ੍ਰਧਾਨ ਜੀ (ਰਘੁਬੀਰ ਯਾਦਵ) ਨੂੰ ਗੱਦੀ ਤੋਂ ਬਿਨਾਂ ਜ਼ਿੰਦਗੀ ਦੇ ਨਵੇਂ ਹਾਲਾਤ ਨਾਲ ਤਾਲਮੇਲ ਬਿਠਾਉਣ ’ਚ ਮੁਸ਼ਕਿਲ ਹੋ ਰਹੀ ਹੈ। ਉੱਥੇ ਹੀ, ਸਚਿਵ ਜੀ (ਜਤਿੰਦਰ ਕੁਮਾਰ) ਨਿੱਜੀ ਇੱਛਾਵਾਂ, ਦੋਸਤੀ ਅਤੇ ਪੰਚਾਇਤ ਦੀ ਬਦਲਦੀ ਸਿਆਸਤ ਵਿਚਕਾਰ ਸੰਤੁਲਨ ਬਣਾਉਣ ’ਚ ਲੱਗੇ ਹੋਏ ਹਨ। ਇਸੇ ਦੌਰਾਨ, ਰਿੰਕੀ (ਸੰਵਿਕਾ) ਨਾਲ ਉਨ੍ਹਾਂ ਦੀ ਪ੍ਰੇਮ ਕਹਾਣੀ ’ਚ ਅਜਿਹਾ ਮੋੜ ਆਉਂਦਾ ਹੈ, ਜਿਸ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ।
ਸੀਰੀਜ਼ ਦੇ ਸਹਿ-ਨਿਰਮਾਤਾ, ਸਹਿ-ਰਚਨਾਕਾਰ ਤੇ ਨਿਰਦੇਸ਼ਕ ਦੀਪਕ ਕੁਮਾਰ ਮਿਸ਼ਰਾ ਨੇ ਕਿਹਾ, “ਚਾਰ ਸੀਜ਼ਨਾਂ ਦੌਰਾਨ ‘ਪੰਚਾਇਤ’ ਭਾਰਤ ਦੀਆਂ ਸਭ ਤੋਂ ਪਸੰਦੀਦਾ ਸੀਰੀਜ਼ ’ਚੋਂ ਇਕ ਬਣ ਗਈ ਹੈ। ਇਹ ਸਫ਼ਰ ਇਸ ਲਈ ਖ਼ਾਸ ਰਿਹਾ ਹੈ, ਕਿਉਂਕਿ ਦਰਸ਼ਕਾਂ ਨੇ ਕਿਰਦਾਰਾਂ ਅਤੇ ਫੁਲੇਰਾ ਦੀ ਦੁਨੀਆ ਨੂੰ ਖੂਬ ਪਿਆਰ ਦਿੱਤਾ ਹੈ। ਹਰ ਸੀਜ਼ਨ ਵਿਚ ਸਾਡੀ ਕੋਸ਼ਿਸ਼ ਰਹੀ ਹੈ ਕਿ ਇਸ ਦੁਨੀਆ ਨੂੰ ਅੱਗੇ ਵਧਾਇਆ ਜਾਵੇ, ਨਾਲ ਹੀ ਸੀਰੀਜ਼ ਦੀ ਅਸਲੀਅਤ ਤੇ ਸਾਦਗੀ ਵੀ ਬਰਕਰਾਰ ਰਹੇ। ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਰਹੀ ਹੈ ਕਿ ਕਹਾਣੀ ’ਚ ਕੁਝ ਨਵਾਂ ਲਿਆਂਦਾ ਜਾਵੇ ਪਰ ਉਸ ਦੀ ਸਾਦਗੀ ਤੇ ਸੱਚਾਈ ਨੂੰ ਬਣਾਈ ਰੱਖਿਆ ਜਾਵੇ। ਪ੍ਰਾਈਮ ਵੀਡੀਓ ਨਾਲ ਸਾਡਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸਹਿਯੋਗ ਇਸ ਸਫ਼ਰ ਦਾ ਇਕ ਅਹਿਮ ਹਿੱਸਾ ਰਿਹਾ ਹੈ। ਇਸ ਨੇ ਸਾਨੂੰ ਇਸ ਦੁਨੀਆ ਨੂੰ ਹੋਰ ਬਿਹਤਰ ਬਣਾਉਣ ਲਈ ਰਚਨਾਤਮਕ ਆਜ਼ਾਦੀ ਦਿੱਤੀ ਹੈ। ਮੈਨੂੰ ਉਡੀਕ ਹੈ ਕਿ ਦਰਸ਼ਕ ਫੁਲੇਰਾ ਦੀ ਇਸ ਨਵੀਂ ਕਹਾਣੀ ਨੂੰ ਦੇਖਣ ਤੇ ਇਸ ਦਾ ਆਨੰਦ ਲੈਣ।”