ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 57 ਸਾਲਾ ਪੁਲਸ ਸਬ ਇੰਸਪੈਕਟਰ ਰਮੇਸ਼ ਕੁਮਾਰ ਦਾ ਕੁਝ ਲੋਕਾਂ ਵਲੋਂ ਇੱਟਾਂ ਅਤੇ ਲਾਠੀਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਵੀਰਵਾਰ ਰਾਤ ਲਗਭਗ 11 ਵਜੇ ਦੀ ਦੱਸੀ ਜਾ ਰਹੀ ਹੈ।
ਹੰਗਾਮਾ ਰੋਕਣ ਗਏ ਸਨ ਅਧਿਕਾਰੀ
ਪੁਲਸ ਅਨੁਸਾਰ, ਰਮੇਸ਼ ਕੁਮਾਰ ਆਪਣੇ ਢਾਣੀ ਸ਼ਿਆਮ ਲਾਲ ਇਲਾਕੇ 'ਚ ਘਰ ਦੇ ਬਾਹਰ ਕੁਝ ਲੋਕਾਂ ਨੂੰ ਹੰਗਾਮਾ ਕਰਦੇ ਦੇਖ ਕੇ ਰੋਕਣ ਗਏ ਸਨ। ਉਨ੍ਹਾਂ ਦੀ ਝਿੜਕ ਸੁਣ ਕੇ ਉਹ ਲੋਕ ਕੁਝ ਸਮੇਂ ਲਈ ਉੱਥੋਂ ਚਲੇ ਗਏ, ਪਰ ਥੋੜ੍ਹੀ ਦੇਰ ਬਾਅਦ ਵਾਪਸ ਆ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਨੂੰ ਇੱਟਾਂ ਅਤੇ ਲਾਠੀਆਂ ਨਾਲ ਬੇਰਹਮੀ ਨਾਲ ਮਾਰਿਆ, ਜਿਸ ਨਾਲ ਉਨ੍ਹਾਂ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਨੇ ਕੀਤੀ ਕਾਰਵਾਈ
ਹਿਸਾਰ ਦੇ ਪੁਲਸ ਸੁਪਰਡੈਂਟ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਇਸ ਮਾਮਲੇ 'ਚ 10 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਕ ਕਾਰ ਅਤੇ ਇਕ ਸਕੂਟਰ ਵੀ ਜ਼ਬਤ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਹਮਲਾਵਰਾਂ ਨੇ ਕੀਤੀ ਸੀ।
ਜਨਵਰੀ 'ਚ ਹੋਣੀ ਸੀ ਰਿਟਾਇਰਮੈਂਟ
ਰਮੇਸ਼ ਕੁਮਾਰ ਇਸ ਸਮੇਂ ਵਧੀਕ ਪੁਲਸ ਡਾਇਰੈਟਰ ਜਨਰਲ (ADGP) ਦੇ ਦਫ਼ਤਰ 'ਚ ਤਾਇਨਾਤ ਸਨ ਅਤੇ ਅਗਲੇ ਸਾਲ ਜਨਵਰੀ 'ਚ ਰਿਟਾਇਰ ਹੋਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ 'ਚ 2 ਧੀਆਂ ਅਤੇ ਇਕ ਪੁੱਤਰ ਹੈ।