ਨਵਾਸ਼ਹਿਰ (ਮਨੋਰੰਜਨ ਕਾਲੀਆ) : ਆਰ.ਕੇ.ਆਰੀਆ ਕਾਲਜ ਨਵਾਂ ਸ਼ਹਿਰ ਵਿੱਚ ਪ੍ਰਿੰਸੀਪਲ ਡਾਕਟਰ ਪੁਨੀਤ ਅਨੇਜਾ ਦੀ ਯੋਗ ਅਗਵਾਈ ਵਿੱਚ ਐਨ. ਐਸ.ਐਸ.ਵਿਭਾਗ ਵੱਲੋਂ ਐਨ.ਐਸ ਐਸ. ਦਿਵਸ ਮਨਾਇਆ ਗਿਆ । ਇਸ ਮੌਕੇ ਖੂਨਦਾਨ ਦੀ ਮਹੱਤਤਾ ਉੱਪਰ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬਲੱਡ ਡੋਨੇਸ਼ਨ ਕਾਉਂਸਲ ਨਵਾਂ ਸ਼ਹਿਰ ਤੋਂ ਡਾਕਟਰ ਅਜੇ ਬੱਗਾ, ਮੈਨੇਜਰ ਸਰਦਾਰ ਮਨਮੀਤ ਸਿੰਘ, ਅਰੋੜਾ ਹਸਪਤਾਲ ਅਤੇ ਡੈਂਟਲ ਕਲੀਨਿਕ ਤੋਂ ਡਾਕਟਰ ਵੀ.ਕੇ.ਅਰੋੜਾ ਅਤੇ ਡਾਕਟਰ ਪੂਨਮ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਖੂਨਦਾਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਡਾਕਟਰ ਅਜੇ ਬੱਗਾ ਨੇ ਕਿਹਾ ਕਿ ਖੂਨ ਦਾ ਇੱਕ ਮਹਾਦਾਨ ਹੈ। ਸਾਡੇ ਸਰੀਰ ਵਿੱਚ ਪੰਜ ਲੀਟਰ ਖੂਨ ਵਹਿੰਦਾ ਹੈ। ਪਰ ਕਈ ਵਾਰ ਐਕਸੀਡੈਂਟ, ਕਿਡਨੀ ਦੇ ਫੇਲ, ਕੋਈ ਬਿਮਾਰੀ ਹੋਣ ਕਰਕੇ ਜਾਂ ਮੈਡੀਕਲ ਇਲਾਜ ਕਾਰਨ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਮੌਕੇ ਲੋੜੀਂਦਾ ਖੂਨ ਮੁਹਈਆ ਕਰਵਾ ਕੇ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਥੈਲੇਸੀਮੀਆ ਕਾਰਨ ਨੂੰ ਵੀ ਕਈ ਬੱਚਿਆਂ ਵਿੱਚ ਖੂਨ ਨਹੀਂ ਬਣਦਾ। ਪਰ ਅੱਜ ਵਿਗਿਆਨ ਦੀ ਤਰੱਕੀ ਕਾਰਨ ਅਤੇ ਖੂਨਦਾਨ ਕੈਂਪ ਕਰਕੇ ਉਹਨਾਂ ਬੱਚਿਆਂ ਨੂੰ ਖੂਨ ਦੇ ਕੇ ਉਹਨਾਂ ਨੂੰ ਜੀਵਨ ਦਾਨ ਦਿੱਤਾ ਜਾ ਸਕਦਾ ਹੈ। ਹਰ ਸਿਹਤਮੰਦ ਵਿਅਕਤੀ ਜੋ 18 ਸਾਲ ਤੋਂ ਵੱਧ ਹੈ ਅਤੇ 65 ਸਾਲ ਤੋਂ ਘੱਟ ਹੈ ਖੂਨਦਾਨ ਕਰ ਸਕਦਾ ਹੈ । ਉਸ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਫਿਰ ਤਿੰਨ ਮਹੀਨੇ ਤੋਂ ਬਾਅਦ ਉਹ ਦੁਬਾਰਾ ਖੂਨ ਦਾਨ ਕਰ ਸਕਦਾ ਹੈ ।ਬਲੱਡ ਡੋਨੇਸ਼ਨ ਕਾਉਂਸਲ ਦੀ ਮਹੱਤਤਾ ਬਾਰੇ ਦੱਸਦੇ ਉਹਨਾਂ ਨੇ ਕਿਹਾ ਕਿ ਨਵਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਵਿੱਚ ਡਾਇਲਸਿਸ ਫਰੀ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਨੈਤਿਕ ਗੁਣ ਜ਼ਿੰਦਗੀ ਵਿੱਚ ਅਪਣਾ ਕੇ ਇੱਕ ਚੰਗੇ ਇਨਸਾਨ ਬਣਨ ਲਈ ਵੀ ਪ੍ਰੇਰਿਤ ਕੀਤਾ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਨੋਦ ਭਾਰਦਵਾਜ ਨੇ ਐਨ.ਐਸ.ਐਸ.ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਖੂਨਦਾਨ ਵਰਗਾ ਮਹਾਂਦਾਨ ਕਰਕੇ ਮਨੁੱਖਤਾ ਦੀ ਭਲਾਈ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਪ੍ਰਿੰਸੀਪਲ ਡਾਕਟਰ ਪੁਨੀਤ ਅਨੇਜਾ ਨੇ ਵਿਦਿਆਰਥੀਆਂ ਨੂੰ ਐਨ.ਐਸ. ਐਸ. ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿ 24 ਸਤੰਬਰ,1969 ਵਿੱਚ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਸੇਵਾ ਸਕੀਮ ਸ਼ੁਰੂ ਕੀਤੀ ਗਈ ਜਿਸ ਦਾ ਉਦੇਸ਼ ਸਵੈ ਇੱਛਤ ਸੇਵਾ ਭਾਵਨਾ ਨਾਲ ਨੌਜਵਾਨਾਂ ਦੁਆਰਾ ਸਮਾਜ ਦੀ ਸੇਵਾ ਕਰਨਾ ਹੈ। ਐਨ.ਐਸ.ਐਸ. ਇੰਚਾਰਜ ਪ੍ਰੋਫੈਸਰ ਰੋਬਿਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਐਨ.ਐਸ.ਐਸ.ਦੇ ਮਾਟੋ ਨੋਟ ਮੀ ਬਟ ਯੂ ਦੇ ਸਿਧਾਂਤ ਉੱਪਰ ਚਲਦੇ ਹੋਏ ਸਾਨੂੰ ਸਾਰਿਆਂ ਨੂੰ ਖੂਨਦਾਨ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਸੈਮੀਨਾਰ ਤੋਂ ਬਾਅਦ ਕਾਲਜ ਵਿੱਚ ਬਲੱਡ ਡੋਨੇਸ਼ਨ ਕਾਉਂਸਲ ਦੀ ਟੀਮ ਵੱਲੋਂ ਕਾਲਜ ਦੇ ਵਿਦਿਆਰਥੀਆਂ ਲਈ ਖੂਨ ਦੀ ਜਾਂਚ ਅਤੇ ਹੀਮੋਗਲੋਬਿਨ ਦੇ ਲੈਵਲ ਬਾਰੇ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਬੜੇ ਹੀ ਉਤਸਾਹ ਨਾਲ ਹਿੱਸਾ ਲਿਆ। ਇਸ ਦੌਰਾਨ ਲਗਭਗ 100 ਵਿਦਿਆਰਥੀਆਂ ਦੇ ਖੂਨ ਦੀ ਜਾਂਚ ਕੀਤੀ ਗਈ ਜਿਹੜੇ ਵਿਦਿਆਰਥੀਆਂ ਨੂੰ ਕੋਈ ਸਿਹਤ ਸਬੰਧੀ ਸਮੱਸਿਆ ਸੀ ਉਹਨਾਂ ਨੂੰ ਡਾਕਟਰ ਵੀ.ਕੇ.ਅਰੋੜਾ ਦੀ ਟੀਮ ਵੱਲੋਂ ਸੁਝਾਅ ਦਿੱਤੇ ਗਏ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਵਿਨੋਦ ਭਾਰਦਵਾਜ, ਸ੍ਰੀ ਅਮਰ ਸਿੰਘ ,ਬਲੱਡ ਡੋਨੇਸ਼ਨ ਕਾਉਂਸਲ ਨਵਾਂ ਸ਼ਹਿਰ ਤੋਂ ਸਟਾਫ ਨਰਸ ਪ੍ਰਿਅੰਕਾ, ਸਟਾਫ ਨਰਸ ਕੁਲਜੀਤ ਕੌਰ, ਜਤਿੰਦਰ ਸਿੰਘ, ਪ੍ਰੋਫੈਸਰ ਨਵਦੀਪ ਕੌਰ ,ਡਾਕਟਰ ਵਿਸ਼ਾਲ ਪਾਠਕ ,ਡਾਕਟਰ ਨੀਰ ਸੱਧੀ, ਡਾਕਟਰ ਜਸਪ੍ਰੀਤ ਕੌਰ, ਪ੍ਰੋਫੈਸਰ ਅਮਨਦੀਪ ਕੌਰ ,ਪ੍ਰੋਫੈਸਰ ਸੁਰਜੀਤ ਕੌਰ, ਡਾਕਟਰ ਰਜਿੰਦਰ ਕੁਮਾਰ ਗੁਪਤਾ , ਪ੍ਰੋਫੈਸਰ ਪੰਕਜ ਮੈਨਰੋ ਅਤੇ ਸੁਪਰਡੈੰਟ ਐਸ.ਕੇ.ਪਾਠਕ ਹਾਜ਼ਰ ਸਨ।