ਤਰਨਤਾਰਨ : ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਪੁਰਾਣੇ ਮਾਮਲੇ 'ਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੀ ਅਦਾਲਤ ਨੇ ਲਾਲਪੁਰਾ ਨੂੰ ਦੋਸ਼ੀ ਕਰਾਰ ਦੇ ਕੇ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ 'ਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਅਦਾਲਤ ਵੱਲੋਂ 6-6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਇਹ ਕੇਸ ਮਾਰਚ 2013 'ਚ ਦਰਜ ਹੋਇਆ ਸੀ, ਜਦੋਂ ਇੱਕ ਪੀੜਤਾ ਨੇ ਲਾਲਪੁਰਾ ਸਣੇ ਹੋਰਾਂ ਉੱਤੇ ਬਦਸਲੂਕੀ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਅਦਾਲਤ ਵਿੱਚ ਕਾਰਵਾਈ ਚੱਲਦੀ ਰਹੀ ਤੇ ਹੁਣ 12 ਸਾਲ ਬਾਅਦ ਮਾਮਲੇ ਦਾ ਫ਼ੈਸਲਾ ਸੁਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਮਾਮਲਾ 2013 ਦਾ ਹੈ, ਜਦੋਂ ਉਸਮਾ ਪਿੰਡ ਦੀ ਰਹਿਣ ਵਾਲੀ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਲਪੁਰਾ ਤੇ ਉਸਦੇ ਸਾਥੀਆਂ ਨੇ ਉਸ ਨਾਲ ਵਿਆਹ ਸਮਾਗਮ ਦੌਰਾਨ ਛੇੜਛਾੜ ਕੀਤੀ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦਾਅਵਾ ਕੀਤਾ ਗਿਆ ਸੀ ਕਿ 3 ਮਾਰਚ 2013 ਨੂੰ ਗੋਇੰਦਵਾਲ ਸਾਹਿਬ ਰੋਡ ‘ਤੇ ਇਕ ਮੈਰਿਜ ਪੈਲੇਸ ਵਿੱਚ ਹੋਏ ਵਿਆਹ ਸਮਾਗਮ ਦੌਰਾਨ ਤਰਨ ਤਾਰਨ ਸਿਟੀ ਪੁਲਸ ਦੇ ਮੁਲਾਜ਼ਮਾਂ ਸਮੇਤ ਹੋਰ ਲੋਕਾਂ ਨੇ ਉਸ ਤੇ ਹਮਲਾ ਕੀਤਾ। ਪੀੜਤਾ ਨੂੰ ਲਾਠੀਆਂ ਨਾਲ ਕੁੱਟਿਆ ਗਿਆ ਅਤੇ ਉਸ ਨਾਲ ਅਪਮਾਨਜਨਕ ਵਤੀਰਾ ਕੀਤਾ ਗਿਆ ।ਇਸ ਘਟਨਾ ਨੇ ਉਦੋਂ ਰੋਸ ਪੈਦਾ ਕੀਤਾ ਸੀ, ਜਿਸਦੇ ਚਲਦੇ ਭਾਰਤ ਦੇ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਸੂ ਮੋਟੋ ਨੋਟਿਸ ਲਿਆ। ਸਰਵਉੱਚ ਅਦਾਲਤ ਨੇ ਪੀੜਤਾ, ਉਸਦੇ ਭਰਾ ਜਗਜੀਤ ਸਿੰਘ (ਜੋ ਇਸ ਮਾਮਲੇ ਦਾ ਮੁੱਖ ਗਵਾਹ ਹੈ), ਪਰਿਵਾਰਕ ਮੈਂਬਰਾਂ ਅਤੇ ਉਸਮਾ ਪਿੰਡ ਦੇ ਸਰਪੰਚ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ।