ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਨਗਣਨਾ ਲਈ ਤਾਇਨਾਤ ਕੀਤੇ ਅਮਲੇ ਵਲੋਂ ਘਰ-ਘਰ ਜਾ ਸਕੇ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਨਗਣਨਾ ਦੇਸ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਲੋਕਾਂ ਨੂੰ ਜਨਗਣਨਾ ਅਮਲੇ ਨੂੰ ਸਹੀ ਸਹੀ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਬਿੱਲਕੁੱਲ ਗੁਪਤ ਰੱਖਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਨਗਣਨਾ ਤਹਿਤ ਘਰ-ਘਰ ਸਰਵੇ ਕਰ ਰਹੇ ਇਨੂਮੀਰੇਟਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਸ ਰਾਸ਼ਟਰੀ ਕਾਰਜ ਨੂੰ ਸਮੇਂ ਸਿਰ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਧਾਰ ’ਤੇ ਹੀ ਸਰਕਾਰਾਂ ਦੇਸ਼ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਲੋਕ ਹਿਤੈਸ਼ੀ ਨੀਤੀਆਂ ਬਣਾਉਣ ਵਿੱਚ ਸਮਰੱਥ ਹੋ ਸਕਣਗੇ।