ਜਲੰਧਰ : ਗੜ੍ਹਾ ਇਲਾਕੇ ’ਚ ਬਾਈਕ ਸਵਾਰ 2 ਲੁਟੇਰੇ ਬਜ਼ੁਰਗ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਇੰਨੇ ਭਿਆਨਕ ਤਰੀਕੇ ਨਾਲ ਝਪਟਾ ਮਾਰਿਆ ਕਿ ਬਜ਼ੁਰਗ ਦੇ ਕੰਨ ਦਾ ਮਾਸ ਦਾ ਟੁਕੜਾ ਵੀ ਉਨ੍ਹਾਂ ਦੇ ਹੱਥ ’ਚ ਆ ਗਿਆ ਅਤੇ ਉਹ ਵਾਲੀ ਸਮੇਤ ਨਾਲ ਲੈ ਗਏ। ਥਾਣਾ 7 ’ਚ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਦੀਪਕ ਪੁੱਤਰ ਚੁੰਨੀ ਲਾਲ ਨਿਵਾਸੀ ਗੜ੍ਹਾ ਨੇ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਂ ਸੀਤਾ ਦੇਵੀ ਇਲਾਕੇ ’ਚ ਸਥਿਤ ਇਕ ਪੀ. ਜੀ. ’ਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਹਰ ਰੋਜ਼ ਵਾਂਗ ਬੁੱਧਵਾਰ ਨੂੰ ਵੀ ਉਹ ਸਵੇਰੇ ਕਰੀਬ 8.30 ਵਜੇ ਘਰੋਂ ਪੀ. ਜੀ. ਜਾ ਰਹੀ ਸੀ। ਦੀਪਕ ਨੇ ਕਿਹਾ ਕਿ ਘਰ ਤੋਂ ਕੁਝ ਦੂਰੀ ’ਤੇ ਜਦੋਂ ਉਹ ਪੈਦਲ ਜਾ ਰਹੀ ਸੀ ਤਾਂ ਪਿੱਛੋਂ ਬਾਈਕ ’ਤੇ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਦੇ ਕੰਨ ’ਚੋਂ ਸੋਨੇ ਦੀ ਵਾਲੀ ਝਪਟ ਲਈ ਅਤੇ ਫਰਾਰ ਹੋ ਗਏ।
ਦੀਪਕ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੇ ਕੰਨ ਦਾ ਮਾਸ ਤੱਕ ਲੁਟੇਰੇ ਨਾਲ ਲੈ ਗਏ। ਖ਼ੂਨ ਨਾਲ ਲੱਥਪੱਥ ਬਜ਼ੁਰਗ ਮਹਿਲਾ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਲੁਟੇਰੇ ਕਾਫ਼ੀ ਦੂਰ ਪਹੁੰਚ ਚੁੱਕੇ ਸਨ। ਲੋਕਾਂ ਨੇ ਬਜ਼ੁਰਗ ਮਹਿਲਾ ਸੀਤਾ ਦੇਵੀ ਦੇ ਘਰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੀਪਕ ਮੌਕੇ ’ਤੇ ਪਹੁੰਚਿਆ ਅਤੇ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਹਸਪਤਾਲ ਲੈ ਗਿਆ। ਦੀਪਕ ਨੇ ਦੱਸਿਆ ਕਿ ਉਸ ਦੀ ਮਾਂ ਦੇ ਕੰਨ ’ਤੇ ਟਾਂਕੇ ਲਗਾਉਣੇ ਪਏ ਹਨ।
ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਲੁਟੇਰਿਆਂ ਦੇ ਸਾਫ਼ ਚਿਹਰੇ ਦਿਖਾਈ ਦੇ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਇੰਨੇ ਸਾਫ਼ ਚਿਹਰੇ ਦਿਖਾਈ ਦੇਣ ’ਤੇ ਵੀ ਪੁਲਸ ਲੁਟੇਰਿਆਂ ਨੂੰ ਫੜ ਪਾਉਂਦੀ ਹੈ ਜਾਂ ਨਹੀਂ। ਫਿਲਹਾਲ ਥਾਣਾ 7 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਸੌਂਪ ਦਿੱਤੀ ਗਈ ਹੈ।