ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਵਿਚ 6 ਨਗਰ ਕੌਂਸਲਾਂ ਲਈ ਸਵੇਰ ਤੋਂ ਜਾਰੀ ਵੋਟਿੰਗ ਦੀ ਪ੍ਰਕਿਰਿਆ ਹੁਣ ਖ਼ਤਮ ਹੋ ਗਈ ਹੈ। ਚੋਣਾਂ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਮੁਕੇਰੀਆਂ, ਦਸੂਹਾ, ਗੜ੍ਹਸ਼ੰਕਰ, ਹਰਿਆਣਾ, ਗੜ੍ਹਦੀਵਾਲਾ ਅਤੇ ਉੜਮੁੜ ਟਾਂਡਾ ’ਚ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਪ੍ਰਕਿਰਿਆ ਜਾਰੀ ਰਹੀ। ਹੁਸ਼ਿਆਰਪੁਰ ਜ਼ਿਲ੍ਹੇ ਵਿਚ 5 ਵਜੇ ਤੱਕ ਕੁੱਲ੍ਹ 65.53 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਹੈ।
ਵੋਟਿੰਗ ਨੂੰ ਸੁਚਾਰੂ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਦਿਆਂ ਏ. ਡੀ. ਸੀ-ਕਮ-ਐਡੀਸ਼ਨਲ ਜ਼ਿਲਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਕਿਹਾ ਕਿ 6 ਨਗਰ ਕੌਂਸਲਾਂ ਦੇ 80 ਵਾਰਡਾਂ ਲਈ ਵੋਟਾਂ ਪੈ ਰਹੀਆਂ ਹਨ, ਜਿਸ ’ਚ ਕੁੱਲ੍ਹ 118 ਬੂਥ ਬਣਾਏ ਗਏ ਹਨ ਅਤੇ ਕੁੱਲ੍ਹ 263 ਉਮੀਦਵਾਰ ਇਹ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਪੋਲਿੰਗ ਕੇਂਦਰਾਂ ਦੇ ਬਾਹਰ ਅਤੇ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ।
ਹੁਸ਼ਿਆਰਪੁਰ ਜ਼ਿਲ੍ਹੇ 'ਚ 10 ਵਜੇ ਤੱਕ ਕੁੱਲ੍ਹ 14.5 ਫ਼ੀਸਦੀ ਹੋਈ ਪੋਲਿੰਗ
ਮੁਕੇਰੀਆਂ- 13.5 ਫ਼ੀਸਦੀ
ਦਸੂਹਾ-13.6 ਫ਼ੀਸਦੀ
ਟਾਂਡਾ ਉੜਮੁੜ- 14.6 ਫ਼ੀਸਦੀ
ਹਰਿਆਣਾ-18.5 ਫ਼ੀਸਦੀ
ਗੜ੍ਹਦੀਵਾਲਾ-18.6 ਫ਼ੀਸਦੀ
ਗੜ੍ਹਸ਼ੰਕਰ-14 ਫ਼ੀਸਦੀ
ਹੁਸ਼ਿਆਰਪੁਰ ਜ਼ਿਲ੍ਹੇ 'ਚ 2 ਵਜੇ ਤੱਕ ਕੁੱਲ੍ਹ 46.48 ਫ਼ੀਸਦੀ ਹੋਈ ਪੋਲਿੰਗ
ਮੁਕੇਰੀਆਂ- 44.37 ਫ਼ੀਸਦੀ
ਦਸੂਹਾ-45.51 ਫ਼ੀਸਦੀ
ਟਾਂਡਾ ਉੜਮੁੜ- 46.01 ਫ਼ੀਸਦੀ
ਹਰਿਆਣਾ-50.57 ਫ਼ੀਸਦੀ
ਗੜ੍ਹਦੀਵਾਲਾ-58.98 ਫ਼ੀਸਦੀ
ਗੜ੍ਹਸ਼ੰਕਰ-44.92 ਫ਼ੀਸਦੀ
ਹੁਸ਼ਿਆਰਪੁਰ ਜ਼ਿਲ੍ਹੇ 'ਚ 5 ਵਜੇ ਤੱਕ ਕੁੱਲ੍ਹ 65.53 ਫ਼ੀਸਦੀ ਹੋਈ ਪੋਲਿੰਗ
ਮੁਕੇਰੀਆਂ- 64.80 ਫ਼ੀਸਦੀ
ਦਸੂਹਾ-62.62 ਫ਼ੀਸਦੀ
ਟਾਂਡਾ ਉੜਮੁੜ- 66.35 ਫ਼ੀਸਦੀ
ਹਰਿਆਣਾ-68.67 ਫ਼ੀਸਦੀ
ਗੜ੍ਹਦੀਵਾਲਾ-75.03 ਫ਼ੀਸਦੀ
ਗੜ੍ਹਸ਼ੰਕਰ-64.72 ਫ਼ੀਸਦੀ
ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਜ਼ਿਲ੍ਹਾ ਪੁਲਸ ਵੱਲੋਂ ਨਿਸ਼ਚਿਤ ਗਿਣਤੀ ’ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਪੂਰੀ ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਸੰਪੰਨ ਹੋ ਸਕੇ। ਏ. ਡੀ. ਸੀ. ਨੇ ਕਿਹਾ ਕਿ ਵੋਟਰ, ਵੋਟਰ ਕਾਰਡ ਰਾਹੀਂ ਆਪਣੀ ਵੋਟ ਪਾ ਸਕਣਗੇ। ਇਥੇ ਇਹ ਵੀ ਦੱਸ ਦੇਈਏ ਕਿ ਜੇਕਰ ਕਿਸੇ ਵੋਟਰ ਕੋਲ ਵੋਟਰ ਕਾਰਡ ਨਹੀਂ ਹੈ ਤਾਂ ਉਹ ਪਛਾਣ ਪੱਤਰ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਫੋਟੋ ਵਾਲਾ ਪੈਨ ਕਾਰਡ, ਮਨਰੇਗਾ ਜੋਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫੋਟੋ ਵਾਲਾ ਅਸਲਾ ਲਾਇਸੈਂਸ, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼, ਫੋਟੋ ਵਾਲਾ ਆਜ਼ਾਦੀ ਘੁਲਾਟੀਏ ਦਾ ਪਛਾਣ ਪੱਤਰ, ਬੈਂਕ ਜਾਂ ਪੋਸਟ ਆਫ਼ਿਸ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ ਦਿਖਾ ਕੇ ਵੋਟ ਪਾ ਸਕੇਗਾ। ਇਸੇ ਤਰ੍ਹਾਂ ਅਜਿਹੇ ਵੋਟਰ ਕਿਰਤ ਮੰਤਰਾਲੇ ਵੱਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਐੱਮ. ਪੀ. ਜਾਂ ਐੱਮ. ਐੱਲ. ਏ. ਵੱਲੋਂ ਜਾਰੀ ਪਛਾਣ ਪੱਤਰ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵੱਲੋਂ ਜਾਰੀ ਯੂ. ਡੀ. ਆਈ. ਡੀ. ਕਾਰਡ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜਾਰੀ ਵਿਭਾਗੀ ਪਛਾਣ ਪੱਤਰ ਅਤੇ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਜਾਰੀ ਫੋਟੋ ਪਛਾਣ ਪੱਤਰ ਵਿਖਾ ਕੇ ਵੋਟ ਪਾ ਸਕਣਗੇ।