ਮਨਾਲੀ : ਲੰਬੇ ਇੰਤਜ਼ਾਰ ਤੋਂ ਬਾਅਦ ਹਿਮਾਚਲ ਵਿਚ ਮੌਸਮ ਨੇ ਕਰਵਟ ਬਦਲੀ ਹੈ ਅਤੇ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ’ਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਰੋਹਤਾਂਗ, ਸ਼ਿੰਕੁਲਾ ਅਤੇ ਬਾਰਾਲਾਚਾ ’ਚ ਬੁੱਧਵਾਰ ਸਵੇਰ ਤੋਂ ਬਰਫ਼ਬਾਰੀ ਹੋਈ, ਉਥੇ ਹੀ ਸ਼ਾਮ ਦੇ ਸਮੇਂ ਅਟਲ ਟਨਲ, ਕੋਕਸਰ, ਸਿੱਸੂ ਅਤੇ ਅੰਜਨੀ ਮਹਾਦੇਵ ’ਚ ਵੀ ਬਰਫ਼ ਦੇ ਤੋਦੇ ਡਿੱਗੇ।
ਰੋਹਤਾਂਗ ਲਈ ਕੁੱਲ 932 ਪਰਮਿਟ ਬੁੱਕ ਹੋਏ ਸਨ ਪਰ ਬਰਫ਼ਬਾਰੀ ਕਾਰਨ ਦਰਰੇ ਸੈਲਾਨੀਆਂ ਲਈ ਬੰਦ ਰਹੇ। ਮੜ੍ਹੀ ਅਤੇ ਗੁਲਾਬਾ ਖੇਤਰਾਂ ’ਚ ਸੈਲਾਨੀਆਂ ਨੇ ਬਰਫ਼ਬਾਰੀ ਦਾ ਭਰਪੂਰ ਆਨੰਦ ਮਾਣਿਆ। ਕੋਕਸਰ ਦੇ ਸੈਰ-ਸਪਾਟਾ ਕਾਰੋਬਾਰੀ ਰਤਨ, ਦੋਰਜੇ, ਪਲਜੋਰ ਅਤੇ ਟਸ਼ੀ ਨੇ ਦੱਸਿਆ ਕਿ ਬੁੱਧਵਾਰ ਨੂੰ ਲਗਭਗ 3,000 ਸੈਲਾਨੀ ਵਾਹਨ ਅਟਲ ਟਨਲ ਰਾਹੀਂ ਲਾਹੌਲ ਦੀਆਂ ਵਾਦੀਆਂ ’ਚ ਪਹੁੰਚੇ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 2 ਜਨਵਰੀ ਨੂੰ ਵੀ ਕੁਝ ਥਾਵਾਂ ’ਤੇ ਹਲਕੀ ਵਰਖਾ ਅਤੇ ਹਿਮਪਾਤ ਹੋ ਸਕਦਾ ਹੈ, ਜਦੋਂਕਿ 3 ਅਤੇ 4 ਜਨਵਰੀ ਨੂੰ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਵਿਭਾਗ ਨੇ ਅਗਲੇ 3 ਦਿਨਾਂ ਤੱਕ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।