ਦੁਨੀਆ ਭਰ ਵਿੱਚ ਜਹਾਜ਼ ਦੇ ਬਾਲਣ (ATF) ਦੀਆਂ ਕੀਮਤਾਂ ਵਿੱਚ ਆਏ ਭਾਰੀ ਉਛਾਲ ਤੋਂ ਬਾਅਦ ਏਅਰ ਇੰਡੀਆ ਗਰੁੱਪ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਫਿਊਲ ਸਰਚਾਰਜ ਵਧਾਉਣ ਦਾ ਵੱਡਾ ਫੈਸਲਾ ਲਿਆ ਹੈ। ਇਹ ਨਵੀਆਂ ਦਰਾਂ ਜ਼ਿਆਦਾਤਰ ਰੂਟਾਂ 'ਤੇ ਬੁੱਧਵਾਰ, 8 ਅਪ੍ਰੈਲ ਤੋਂ ਲਾਗੂ ਹੋ ਜਾਣਗੀਆਂ। ਜਦੋਂ ਕਿ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਜਾਣ ਵਾਲੇ ਮੁਸਾਫਰਾਂ 'ਤੇ ਇਹ ਵਧਿਆ ਹੋਇਆ ਖਰਚਾ 10 ਅਪ੍ਰੈਲ 2026 ਤੋਂ ਲਾਗੂ ਹੋਵੇਗਾ।
ਹੁਣ ਦੂਰੀ ਤੈਅ ਕਰੇਗੀ ਕਿੰਨਾ ਲੱਗੇਗਾ ਸਰਚਾਰਜ
ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਇੱਕ ਨਵਾਂ ਸਿਸਟਮ ਤਿਆਰ ਕੀਤਾ ਹੈ। ਹੁਣ ਸਾਰੇ ਮੁਸਾਫਰਾਂ ਲਈ ਇੱਕੋ ਜਿਹਾ ਚਾਰਜ ਨਹੀਂ ਹੋਵੇਗਾ, ਸਗੋਂ ਤੁਸੀਂ ਕਿੰਨੀ ਦੂਰ ਦੀ ਯਾਤਰਾ ਕਰ ਰਹੇ ਹੋ, ਉਸੇ ਹਿਸਾਬ ਨਾਲ ਫਿਊਲ ਸਰਚਾਰਜ ਵਸੂਲਿਆ ਜਾਵੇਗਾ। ਇਹ ਨਵਾਂ ਨਿਯਮ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ 'ਤੇ ਵੀ ਲਾਗੂ ਹੋਵੇਗਾ।
ਘਰੇਲੂ ਰੂਟਾਂ ਲਈ ਨਵਾਂ ਸਰਚਾਰਜ ਚਾਰਟ (ਡਾਲਰਾਂ ਵਿੱਚ):
- 0 ਤੋਂ 500 ਕਿਲੋਮੀਟਰ: $299
- 501 ਤੋਂ 1000 ਕਿਲੋਮੀਟਰ: $399
- 1001 ਤੋਂ 1500 ਕਿਲੋਮੀਟਰ: $549
- 1501 ਤੋਂ 2000 ਕਿਲੋਮੀਟਰ: $749
- 2000 ਕਿਲੋਮੀਟਰ ਤੋਂ ਵੱਧ: $899
ਅੰਤਰਰਾਸ਼ਟਰੀ ਉਡਾਣਾਂ ਹੋਈਆਂ ਹੋਰ ਵੀ ਮਹਿੰਗੀਆਂ
ਅੰਤਰਰਾਸ਼ਟਰੀ ਪੱਧਰ 'ਤੇ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਪਿਛਲੇ ਇੱਕ ਮਹੀਨੇ ਵਿੱਚ ਲਗਭਗ 100 ਫੀਸਦੀ ਦਾ ਵਾਧਾ ਹੋਇਆ ਹੈ। ਇਸ ਕਾਰਨ ਅੰਤਰਰਾਸ਼ਟਰੀ ਮਾਰਗਾਂ 'ਤੇ ਸਰਚਾਰਜ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ।
ਖੇਤਰ ਅਨੁਸਾਰ ਨਵਾਂ ਸਰਚਾਰਜ (ਪ੍ਰਤੀ ਯਾਤਰੀ):
- ਸਾਰਕ ਦੇਸ਼ (ਬੰਗਲਾਦੇਸ਼ ਨੂੰ ਛੱਡ ਕੇ): $24 (8 ਅਪ੍ਰੈਲ ਤੋਂ)
- ਖਾੜੀ ਦੇਸ਼ (ਮਿਡਲ ਈਸਟ): $50 (8 ਅਪ੍ਰੈਲ ਤੋਂ)
- ਸਿੰਗਾਪੁਰ: $60 (8 ਅਪ੍ਰੈਲ ਤੋਂ)
- ਚੀਨ ਅਤੇ ਦੱਖਣ-ਪੂਰਬੀ ਏਸ਼ੀਆ: $100 (8 ਅਪ੍ਰੈਲ ਤੋਂ)
- ਅਫਰੀਕਾ: $130 (8 ਅਪ੍ਰੈਲ ਤੋਂ)
- ਯੂਰਪ ਅਤੇ ਯੂ.ਕੇ.: $205 (10 ਅਪ੍ਰੈਲ ਤੋਂ)
- ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ: $280 (10 ਅਪ੍ਰੈਲ ਤੋਂ)
ਮੁਸਾਫਰਾਂ ਲਈ ਜ਼ਰੂਰੀ ਗੱਲਾਂ:
- ਤੈਅ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਰੀ ਹੋ ਚੁੱਕੀਆਂ ਟਿਕਟਾਂ 'ਤੇ ਨਵਾਂ ਸਰਚਾਰਜ ਲਾਗੂ ਨਹੀਂ ਹੋਵੇਗਾ।
- ਜੇਕਰ ਯਾਤਰੀ ਆਪਣੀ ਯਾਤਰਾ ਦੀ ਤਰੀਕ ਜਾਂ ਰੂਟ ਬਦਲਦੇ ਹਨ ਅਤੇ ਟਿਕਟ ਦੁਬਾਰਾ ਬਣਦੀ ਹੈ, ਤਾਂ ਹੀ ਨਵੀਆਂ ਦਰਾਂ ਲਾਗੂ ਹੋਣਗੀਆਂ।
- ਏਅਰਲਾਈਨ ਨੇ ਕਿਹਾ ਹੈ ਕਿ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਸਮੇਂ-ਸਮੇਂ 'ਤੇ ਇਸ ਸਰਚਾਰਜ ਦੀ ਸਮੀਖਿਆ ਕੀਤੀ ਜਾਵੇਗੀ।
ਏਅਰਲਾਈਨ ਅਨੁਸਾਰ, ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ $195.19 ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ, ਜਿਸ ਕਾਰਨ ਕੰਪਨੀ ਲਈ ਲਾਗਤ ਕੱਢਣੀ ਮੁਸ਼ਕਲ ਹੋ ਰਹੀ ਸੀ। ਹਾਲਾਂਕਿ, ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਜੇ ਵੀ ਵਧੀ ਹੋਈ ਲਾਗਤ ਦਾ ਇੱਕ ਹਿੱਸਾ ਖੁਦ ਬਰਦਾਸ਼ਤ ਕਰ ਰਹੀ ਹੈ।