ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਕਿ ਨਵੇਂ ਬਣਨ ਵਾਲੇ ਹਵਾਈ ਅੱਡਿਆਂ ਦੇ ਕੋਲ ਇਮਾਰਤਾਂ ਦੀ ਉਚਾਈ ’ਤੇ ਲਗਾਮ ਲਾਉਣ ਲਈ ਛੇਤੀ ਹੀ ਇਕ ਅੰਤਰਰਾਸ਼ਟਰੀ ਅਧਿਐਨ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਹਵਾਈ ਅੱਡਿਆਂ ਅਤੇ ਉਨ੍ਹਾਂ ਦੇ ਆਸਪਾਸ ਸੇਵਾਵਾਂ ਨੂੰ ਵਧਾਉਣ ਦੇ ਤਰੀਕਿਆਂ ’ਤੇ ਵੀ ਵਿਚਾਰ ਕਰ ਰਹੀ ਹੈ।
ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਸ਼ਹਿਰੀ ਹਵਾਬਾਜ਼ੀ ਬਾਜ਼ਾਰਾਂ ’ਚੋਂ ਇਕ ਹੈ ਅਤੇ ਪਿਛਲੇ 11 ਸਾਲਾਂ ’ਚ ਦੇਸ਼ ’ਚ ਚਾਲੂ ਹਵਾਈ ਅੱਡਿਆਂ ਦੀ ਗਿਣਤੀ 88 ਤੋਂ ਵਧ ਕੇ 162 ਹੋ ਗਈ ਹੈ। ਰੀਅਲ ਅਸਟੇਟ ਸੰਸਥਾ ਨਾਰੇਡਕੋ ਦੇ 17ਵੇਂ ਰਾਸ਼ਟਰੀ ਸੰਮੇਲਨ ’ਚ ਨਾਇਡੂ ਨੇ ਨਵੇਂ ਬਣਨ ਵਾਲੇ ਹਵਾਈ ਅੱਡਿਆਂ ਦੇ ਆਸਪਾਸ ਰੀਅਲ ਅਸਟੇਟ ਵਿਕਸਤ ਕਰਨ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ 50 ਨਵੇਂ ਹਵਾਈ ਅੱਡੇ ਬਣਾਉਣ ਦਾ ਹੈ ਅਤੇ ਦੇਸ਼ ਵਿੱਚ 350 ਤੋਂ ਵੱਧ ਹਵਾਈ ਅੱਡੇ ਬਣਾਉਣ ਦੀ ਸਮਰੱਥਾ ਹੈ।