ਵਾਸ਼ਿੰਗਟਨ : ਟਿਕਟੌਕ, ਜਿਸ 'ਤੇ ਅਮਰੀਕਾ ਵਿੱਚ ਪਾਬੰਦੀ ਲਗਾਈ ਗਈ ਸੀ, ਹੁਣ ਦੇਸ਼ 'ਚ ਇਸ ਦੇ ਦੁਬਾਰਾ ਉਪਲੱਬਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਗੱਲ ਦਾ ਐਲਾਨ ਕਰਦਿਆਂ ਦੱਸਿਆ ਕਿ ਟਿਕਟੌਕ ਖਰੀਦਣ ਲਈ ਖਰੀਦਦਾਰ ਮਿਲ ਗਏ ਹਨ। ਟਰੰਪ ਨੇ ਇਕ ਅਮਰੀਕੀ ਚੈਨਲ ਨਾਲ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ।
ਟਰੰਪ ਨੇ ਕਿਹਾ ਕਿ ਉਹ ਜਲਦੀ ਹੀ ਉਨ੍ਹਾਂ ਖਰੀਦਦਾਰਾਂ ਦੇ ਵੇਰਵਿਆਂ ਦਾ ਐਲਾਨ ਕਰਨਗੇ ਜੋ ਟਿਕਟੌਕ ਖਰੀਦਣ ਲਈ ਅੱਗੇ ਆਏ ਹਨ। ਹਾਲਾਂਕਿ ਟਰੰਪ ਨੇ ਯਾਦ ਦਿਵਾਇਆ ਕਿ ਇਸ ਸੌਦੇ ਲਈ ਚੀਨ ਨੂੰ ਆਪਣੀ ਮਨਜ਼ੂਰੀ ਦੇਣੀ ਪਵੇਗੀ। ਟਰੰਪ ਨੇ ਉਮੀਦ ਜਤਾਈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੀਨੀ ਰਾਸ਼ਟਰਪਤੀ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦੇਣਗੇ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦੇ ਆਦੇਸ਼ਾਂ ਅਨੁਸਾਰ, ਟਿਕਟੌਕ 'ਤੇ 19 ਜਨਵਰੀ, 2025 ਤੋਂ ਅਮਰੀਕਾ ਵਿੱਚ ਪਾਬੰਦੀ ਲਗਾਈ ਗਈ ਸੀ। ਇਸ ਦਾ ਕਾਰਨ ਇਹ ਸੀ ਕਿ ਟਿਕਟੌਕ ਦੀ ਚੀਨੀ ਮੂਲ ਕੰਪਨੀ ਇਸ ਨੂੰ ਵੇਚਣ ਲਈ ਤਿਆਰ ਨਹੀਂ ਸੀ। ਹਾਲਾਂਕਿ, ਅਜਿਹੀਆਂ ਰਿਪੋਰਟਾਂ ਸਨ ਕਿ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਟਿਕਟੌਕ ਤੋਂ ਬੈਨ ਹਟਾ ਦਿੱਤਾ ਜਾਵੇਗਾ।
ਅਮਰੀਕੀ ਪਾਬੰਦੀ ਲਾਗੂ ਹੋਣ ਤੋਂ ਬਾਅਦ ਟਿਕਟੌਕ ਨੇ ਐਲਾਨ ਕੀਤਾ ਕਿ ਉਹ 19 ਜਨਵਰੀ 2025 ਤੋਂ ਅਮਰੀਕਾ ਵਿੱਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਦੇਵੇਗੀ। ਇਸ ਮਗਰੋਂ ਜਦੋਂ ਯੂਜ਼ਰਜ਼ ਨੇ ਐਪ ਖੋਲ੍ਹੀ ਤਾਂ ਸਕ੍ਰੀਨ 'ਤੇ ਇੱਕ ਮੈਸੇਜ ਆਇਆ, "ਬਦਕਿਸਮਤੀ ਨਾਲ, ਟਿੱਕਟੌਕ 'ਤੇ ਅਮਰੀਕੀ ਪਾਬੰਦੀ 19 ਜਨਵਰੀ ਤੋਂ ਲਾਗੂ ਹੋ ਗਈ ਹੈ। ਤੁਸੀਂ ਇਸ ਸਮੇਂ ਟਿੱਕਟੌਕ ਦੀ ਵਰਤੋਂ ਨਹੀਂ ਕਰ ਸਕਦੇ।" ਕੰਪਨੀ ਨੇ ਦੁੱਖ ਪ੍ਰਗਟ ਕੀਤਾ ਕਿ ਬਾਈਡੇਨ ਸਰਕਾਰ ਦੁਆਰਾ ਲਿਆਂਦੇ ਗਏ ਕਾਨੂੰਨ ਨੇ ਉਸ ਕੋਲ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਛੱਡਿਆ।