ਮੇਰਠ (ਉੱਤਰ ਪ੍ਰਦੇਸ਼) : ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਕਿਹਾ ਹੈ ਕਿ ਸੰਘ ਦੀ ਤੁਲਨਾ ਦੁਨੀਆ ਦੇ ਕਿਸੇ ਵੀ ਹੋਰ ਸੰਗਠਨ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸੰਘ ਵਰਗਾ ਕੋਈ ਦੂਜਾ ਸੰਗਠਨ ਹੈ ਹੀ ਨਹੀਂ। ਮੇਰਠ ਅਤੇ ਬ੍ਰਜ ਪ੍ਰਾਂਤ ਦੀ ਇਕ ਵਿਸ਼ੇਸ਼ ਗੋਸ਼ਠੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਸੰਘ ਦੀਆਂ ਸ਼ਾਖਾਵਾਂ ਅਤੇ ਮਾਰਚ (ਸੰਚਲਨ) ਨੂੰ ਦੇਖ ਕੇ ਕਈ ਲੋਕ ਇਸ ਨੂੰ 'ਪੈਰਾ-ਮਿਲਟਰੀ ਫੋਰਸ' ਸਮਝਣ ਦੀ ਗਲਤੀ ਕਰ ਲੈਂਦੇ ਹਨ, ਜਦਕਿ ਅਸਲ ਵਿੱਚ ਸੰਘ 'ਵਿਅਕਤੀ ਨਿਰਮਾਣ' ਦੀ ਇਕ ਅਜਿਹੀ ਕਾਰਜਸ਼ਾਲਾ ਹੈ ਜਿੱਥੇ ਮਨੁੱਖ ਦੇ ਸਰਵਪੱਖੀ ਵਿਕਾਸ 'ਤੇ ਜ਼ੋਰ ਦਿੱਤਾ ਜਾਂਦਾ ਹੈ।
ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ 'ਹਿੰਦੂ'
ਡਾ. ਭਾਗਵਤ ਨੇ 'ਹਿੰਦੂ' ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ। ਉਨ੍ਹਾਂ ਕਿਹਾ ਕਿ 'ਹਿੰਦੂ' ਕੋਈ ਪੂਜਾ ਪੱਧਤੀ ਜਾਂ ਮੱਤ-ਪੰਥ ਨਹੀਂ, ਸਗੋਂ ਇਕ ਅਜਿਹੀ ਜੀਵਨ ਦ੍ਰਿਸ਼ਟੀ ਹੈ ਜੋ ਸਾਰਿਆਂ ਨੂੰ ਜੋੜਨ, ਸਾਰਿਆਂ ਦੇ ਭਲੇ ਅਤੇ ਸਮੁੱਚੀ ਸ੍ਰਿਸ਼ਟੀ ਦੇ ਕਲਿਆਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਧਰਮ ਅਤੇ ਪੂਜਾ ਕਰਨ ਦੇ ਤਰੀਕੇ ਵੱਖੋ-ਵੱਖਰੇ ਹੋ ਸਕਦੇ ਹਨ ਪਰ ਸਾਡੀ ਸੱਭਿਆਚਾਰਕ ਪਛਾਣ ਇਕੋ ਹੈ।
ਆਜ਼ਾਦੀ ਘੁਲਾਟੀਆਂ ਦੇ ਚਿੰਤਨ ਵਿੱਚੋਂ ਨਿਕਲਿਆ ਸੰਘ
ਸੰਘ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਸਰਸੰਘਚਾਲਕ ਨੇ ਦੱਸਿਆ ਕਿ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਦੇ ਸੰਪਰਕ ਬਾਲ ਗੰਗਾਧਰ ਤਿਲਕ, ਮਦਨ ਮੋਹਨ ਮਾਲਵੀਆ, ਸੁਭਾਸ਼ ਚੰਦਰ ਬੋਸ, ਸਾਵਰਕਰ, ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਮਹਾਨ ਦੇਸ਼ ਭਗਤਾਂ ਨਾਲ ਸਨ। ਉਸ ਸਮੇਂ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਭਾਰਤ ਵਾਰ-ਵਾਰ ਗੁਲਾਮ ਕਿਉਂ ਹੁੰਦਾ ਹੈ? ਸਾਰਿਆਂ ਦੇ ਵਿਚਾਰਾਂ ਦਾ ਨਿਚੋੜ ਇਹੀ ਨਿਕਲਿਆ ਕਿ ਸਮਾਜ ਆਪਣੀ ਪਛਾਣ ਭੁੱਲ ਕੇ ਖੇਰੂ-ਖੇਰੂ ਹੋ ਗਿਆ ਸੀ, ਜਿਸ ਕਾਰਨ ਕੁਰੀਤੀਆਂ ਅਤੇ ਅਸਮਾਨਤਾਵਾਂ ਵਧੀਆਂ। ਇਸੇ ਨੂੰ ਦੂਰ ਕਰਨ ਲਈ ਸੰਘ ਰਾਹੀਂ ਇਕ ਅਨੁਸ਼ਾਸਿਤ ਸਮਾਜ ਦੀ ਨੀਂਹ ਰੱਖੀ ਗਈ।
100 ਸਾਲਾਂ ਦਾ ਸਫ਼ਰ : ਚੁਣੌਤੀਆਂ ਤੇ ਕੁਰਬਾਨੀਆਂ
ਸੰਘ ਦੇ ਸ਼ਤਾਬਦੀ ਸਾਲ ਦਾ ਜ਼ਿਕਰ ਕਰਦਿਆਂ ਭਾਗਵਤ ਨੇ ਕਿਹਾ ਕਿ ਪਿਛਲੇ 100 ਸਾਲਾਂ ਦੌਰਾਨ ਸੰਗਠਨ ਨੇ ਕਈ ਪਾਬੰਦੀਆਂ ਝੱਲੀਆਂ, ਝੂਠੇ ਦੋਸ਼ਾਂ ਦਾ ਸਾਹਮਣਾ ਕੀਤਾ ਅਤੇ ਰਾਜਨੀਤਿਕ ਵਿਰੋਧ ਵੀ ਸਹਿਆ। ਕਈ ਸਵੈਸੇਵਕਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਸੰਘ ਆਪਣੇ ਦ੍ਰਿੜ ਇਰਾਦੇ ਨਾਲ ਅੱਗੇ ਵਧਦਾ ਰਿਹਾ। ਹੁਣ ਸੰਘ ਸਮਾਜ ਦੇ ਵਿਚਕਾਰ ਜਾ ਕੇ ਆਪਣੇ ਕਾਰਜਾਂ ਦੀ ਜਾਣਕਾਰੀ ਦੇ ਰਿਹਾ ਹੈ।
ਸਿੱਖਿਆ ਅਤੇ ਸਿਹਤ ਨੀਤੀ 'ਤੇ ਵਿਚਾਰ
ਗੋਸ਼ਠੀ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਜਟ ਵਧਾਉਣਾ ਸਰਕਾਰ ਦਾ ਕੰਮ ਹੈ ਪਰ ਸਿੱਖਿਆ ਹਰ ਕਿਸੇ ਲਈ ਆਸਾਨੀ ਨਾਲ ਉਪਲਬਧ ਹੋਣੀ ਚਾਹੀਦੀ ਹੈ। 'ਇਕ ਰਾਸ਼ਟਰ-ਇਕ ਸਿੱਖਿਆ' ਅਤੇ 'ਸਿਹਤ ਨੀਤੀ' 'ਤੇ ਉਨ੍ਹਾਂ ਕਿਹਾ ਕਿ ਨੀਤੀਆਂ ਤਾਂ ਬਣੀਆਂ ਹਨ ਪਰ ਖੇਤਰੀ ਲੋੜਾਂ ਅਨੁਸਾਰ ਇਨ੍ਹਾਂ ਵਿੱਚ ਲਚਕੀਲਾਪਣ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਲਾਗੂ ਕਰਨਾ ਰਾਜਾਂ ਦਾ ਵਿਸ਼ਾ ਹੈ। ਇਸ ਮੌਕੇ ਪਦਮਸ਼੍ਰੀ ਭਾਰਤ ਭੂਸ਼ਣ ਤਿਆਗੀ, ਡਾ. ਸੁਮੇਧਾ ਆਚਾਰੀਆ ਸਮੇਤ ਕਈ ਯੂਨੀਵਰਸਿਟੀਆਂ ਦੇ ਵੀਸੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।