ਮੁੰਬਈ : ਸੋਨੀ ਸਪੋਰਟਸ ਨੈੱਟਵਰਕ 24 ਅਕਤੂਬਰ ਤੋਂ ਨਿਊਜ਼ੀਲੈਂਡ ਵਿੱਚ ਸ਼ੁਰੂ ਹੋਣ ਵਾਲੀ ਭਾਰਤ 'ਏ' ਟੀਮ ਦੇ 'ਸ਼ੈਡੋ ਟੂਰ' ਦੇ ਤਿੰਨ ਚਾਰ-ਦਿਨਾਂ ਟੈਸਟ ਮੈਚਾਂ ਦਾ ਲਾਈਵ ਪ੍ਰਸਾਰਣ ਕਰੇਗਾ। ਧਰੁਵ ਜੁਰੇਲ ਦੀ ਕਪਤਾਨੀ ਹੇਠ ਇੰਡੀਆ 'ਏ' ਟੀਮ 24 ਤੋਂ 27 ਅਕਤੂਬਰ, 31 ਅਕਤੂਬਰ ਤੋਂ 3 ਨਵੰਬਰ ਅਤੇ 7 ਤੋਂ 10 ਨਵੰਬਰ ਵਿਚਕਾਰ ਇਹ ਮੈਚ ਖੇਡੇਗੀ। ਸੋਨੀ ਸਪੋਰਟਸ ਨਾ ਸਿਰਫ਼ ਇਹਨਾਂ ਮੈਚਾਂ ਦਾ ਪ੍ਰਸਾਰਣ ਕਰੇਗਾ, ਸਗੋਂ ਇਹਨਾਂ ਦਾ ਪ੍ਰੋਡਕਸ਼ਨ ਵੀ ਆਪ ਹੀ ਕਰੇਗਾ। ਇਹ ਪਹਿਲੀ ਵਾਰ ਹੈ ਜਦੋਂ ਨਿਊਜ਼ੀਲੈਂਡ ਵਿੱਚ ਭਾਰਤ 'ਏ' ਦੇ ਦੌਰੇ ਦਾ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ।
ਇਹ ਮੈਚ ਲਿੰਕਨ ਦੇ ਬਰਟ ਸੁਟਕਲਿਫ ਓਵਲ ਅਤੇ ਕ੍ਰਾਈਸਟਚਰਚ ਦੇ ਹੈਗਲੇ ਓਵਲ ਵਿੱਚ ਭਾਰਤੀ ਸਮੇਂ ਅਨੁਸਾਰ ਸਵੇਰੇ 3:30 ਵਜੇ ਸ਼ੁਰੂ ਹੋਣਗੇ। ਟੀਮ ਵਿੱਚ ਯਸ਼ਸਵੀ ਜਾਇਸਵਾਲ, ਕੇ.ਐੱਲ. ਰਾਹੁਲ, ਦੇਵਦੱਤ ਪੱਡੀਕਲ, ਵਾਸ਼ਿੰਗਟਨ ਸੁੰਦਰ, ਮੁਕੇਸ਼ ਕੁਮਾਰ ਅਤੇ ਸਾਈ ਸੁਦਰਸ਼ਨ ਵਰਗੇ ਸਟਾਰ ਖਿਡਾਰੀ ਸ਼ਾਮਲ ਹਨ, ਜੋ 18 ਅਕਤੂਬਰ ਨੂੰ ਬੈਂਗਲੁਰੂ ਤੋਂ ਨਿਊਜ਼ੀਲੈਂਡ ਲਈ ਰਵਾਨਾ ਹੋਣਗੇ। ਇਸ ਤੋਂ ਇਲਾਵਾ ਸੋਨੀ ਇਸ ਦੌਰੇ 'ਤੇ ਭਾਰਤ ਦੇ 5 ਟੀ-20, 5 ਵਨਡੇ ਅਤੇ 2 ਟੈਸਟ ਮੈਚਾਂ ਦਾ ਪ੍ਰਸਾਰਣ ਵੀ ਕਰੇਗਾ।