ਬੈਂਗਲੁਰੂ : ਰੇਣੁਕਾਸਵਾਮੀ ਕਤਲ ਕੇਸ ਦੀ ਮੁੱਖ ਦੋਸ਼ੀ ਕੰਨੜ ਅਦਾਕਾਰਾ ਪਵਿੱਤਰਾ ਗੌੜਾ ਨੂੰ ਵੀਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਰੱਦ ਕਰਨ ਤੋਂ ਬਾਅਦ ਪੁਲਸ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਸੂਤਰਾਂ ਅਨੁਸਾਰ, ਕਤਲ ਦੇ ਸਾਰੇ ਦੋਸ਼ੀਆਂ ਦੀ ਜ਼ਮਾਨਤ ਰੱਦ ਕਰਨ ਦੀ ਖ਼ਬਰ ਆਉਣ ਤੋਂ ਬਾਅਦ ਇੱਕ ਟੀਮ ਗੌੜਾ ਦੇ ਘਰ ਪਹੁੰਚੀ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਉਥੇ ਹੀ ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲਸ ਵੱਲੋਂ ਕੰਨੜ ਅਦਾਕਾਰ ਦਰਸ਼ਨ ਨੂੰ ਵੀ ਇਸ ਕਤਲ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਰੱਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਸੂਤਰਾਂ ਅਨੁਸਾਰ, ਦਰਸ਼ਨ ਨੂੰ ਬੈਂਗਲੁਰੂ ਦੇ ਹੋਸਾਕੇਰੇਹੱਲੀ ਵਿੱਚ ਉਸਦੀ ਪਤਨੀ ਵਿਜਯਲਕਸ਼ਮੀ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਤਲ ਕੇਸ ਵਿੱਚ ਅਦਾਕਾਰ ਦਰਸ਼ਨ ਅਤੇ ਹੋਰ ਦੋਸ਼ੀਆਂ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰ ਦਿੱਤੀ। ਸੁਪਰੀਮ ਕੋਰਟ ਨੇ ਅਧਿਕਾਰੀਆਂ ਨੂੰ ਦਰਸ਼ਨ ਅਤੇ ਹੋਰ ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈਣ ਦੇ ਨਿਰਦੇਸ਼ ਦਿੱਤੇ ਅਤੇ ਮੁਕੱਦਮਾ ਤੇਜ਼ੀ ਨਾਲ ਚਲਾਉਣ ਦਾ ਹੁਕਮ ਦਿੱਤਾ।
ਪੁਲਸ ਸੂਤਰਾਂ ਅਨੁਸਾਰ, ਪਵਿੱਤਰਾ ਦੇ ਪ੍ਰਸ਼ੰਸਕ 33 ਸਾਲਾ ਰੇਣੁਕਾਸਵਾਮੀ ਨੇ ਉਸਨੂੰ ਅਸ਼ਲੀਲ ਸੁਨੇਹੇ ਭੇਜੇ ਸਨ, ਜਿਸ ਨਾਲ ਦਰਸ਼ਨ ਨਾਰਾਜ਼ ਹੋ ਗਿਆ ਅਤੇ ਉਸਨੇ ਕਥਿਤ ਤੌਰ 'ਤੇ ਉਸਦਾ ਕਤਲ ਕਰ ਦਿੱਤਾ। ਰੇਣੁਕਾਸਵਾਮੀ ਦੀ ਲਾਸ਼ 9 ਜੂਨ, 2024 ਨੂੰ ਸੁਮਨਹੱਲੀ ਵਿੱਚ ਇੱਕ ਅਪਾਰਟਮੈਂਟ ਦੇ ਕੋਲ ਇੱਕ ਨਾਲੇ 'ਚੋਂ ਮਿਲੀ ਸੀ। ਪੁਲਸ ਸੂਤਰਾਂ ਨੇ ਕਿਹਾ ਕਿ ਮਾਮਲੇ ਵਿੱਚ ਦੋਸ਼ੀ ਨੰਬਰ ਇੱਕ ਪਵਿੱਤਰਾ ਗੌੜਾ, ਰੇਣੁਕਾਸਵਾਮੀ ਦੇ ਕਤਲ ਦਾ 'ਮੁੱਖ ਕਾਰਨ' ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਤੋਂ ਇਹ ਸਾਬਤ ਹੋਇਆ ਹੈ ਕਿ ਉਨ੍ਹਾਂ ਨੇ ਦੂਜੇ ਦੋਸ਼ੀਆਂ ਨੂੰ ਉਕਸਾਇਆ, ਉਨ੍ਹਾਂ ਨਾਲ ਸਾਜ਼ਿਸ਼ ਰਚੀ ਅਤੇ ਅਪਰਾਧ ਵਿੱਚ ਹਿੱਸਾ ਲਿਆ।