ਘੜੂੰਆਂ ( ਖਰੜ) (ਪ੍ਰੀਤ ਪੱਤੀ) : ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਦਿੱਤੀਆਂ ਗਈਆਂ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਦਿਆਂ, ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਵੱਲੋਂ ਅੱਜ ਇਲਾਕਾ ਨਿਵਾਸੀਆਂ ਲਈ ਇੱਕ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਡਾ. ਖੁਰਾਣਾ ਨੇ ਦੱਸਿਆ ਕਿ ਸਿਹਤ ਵਿਭਾਗ ਆਮ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ, ਜਿਸ ਤਹਿਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲੂ (ਹੀਟ ਵੇਵ) ਦੇ ਮਰੀਜ਼ਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਗਰਮੀ ਦੇ ਇਸ ਮੌਸਮ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ ਤਾਂ ਜੋ ਹੀਟ ਸਟ੍ਰੋਕ ਵਰਗੀਆਂ ਗੰਭੀਰ ਸਥਿਤੀਆਂ ਤੋਂ ਬਚਿਆ ਜਾ ਸਕੇ।
ਇਸ ਸਬੰਧੀ ਅਹਿਮ ਕਦਮ ਚੁੱਕਦਿਆਂ ਐਸ.ਐਮ.ਓ. ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਕਿ ਬਲਾਕ ਘੜੂੰਆਂ ਅਧੀਨ ਆਉਂਦੀਆਂ ਸਾਰੀਆਂ ਸਿਹਤ ਸਹੂਲਤਾਂ ਅਤੇ ਸਰਕਾਰੀ ਸੰਸਥਾਵਾਂ ਵਿੱਚ 'ਓ.ਆਰ.ਐਸ. ਕਾਰਨਰ' ਸਥਾਪਿਤ ਕਰ ਦਿੱਤੇ ਗਏ ਹਨ। ਇਨ੍ਹਾਂ ਕਾਰਨਰਾਂ ਦੀ ਮਦਦ ਨਾਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਤੁਰੰਤ ਮੁਫ਼ਤ ਓ.ਆਰ.ਐਸ. ਦਾ ਘੋਲ ਮੁਹੱਈਆ ਕਰਵਾ ਕੇ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਕੇਂਦਰਾਂ ਦਾ ਸਟਾਫ ਗਰਮੀ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਤੁਰੰਤ ਦੇਖਭਾਲ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਵੀ ਯਕੀਨੀ ਬਣਾਇਆ ਗਿਆ ਹੈ।
ਡਾ. ਖੁਰਾਣਾ ਨੇ ਬਚਾਅ ਦੇ ਮੁੱਖ ਉਪਾਵਾਂ ਬਾਰੇ ਦੱਸਿਆ ਕਿ ਤੇਜ਼ ਧੁੱਪ ਦੌਰਾਨ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਿਆਸ ਨਾ ਲੱਗਣ 'ਤੇ ਵੀ ਵਾਰ-ਵਾਰ ਪਾਣੀ, ਨਿੰਬੂ ਪਾਣੀ, ਲੱਸੀ , ਆਦਿ ਦਾ ਸੇਵਨ ਕਰਦੇ ਰਹੋ। ਬਾਹਰ ਨਿਕਲਣ ਵੇਲੇ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨੋ, ਸਿਰ ਨੂੰ ਛੱਤਰੀ ਜਾਂ ਕੱਪੜੇ ਨਾਲ ਢੱਕੋ ਅਤੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਸਿੱਧੀ ਧੁੱਪ ਵਿੱਚ ਜਾਣ ਤੋਂ ਬਚੋ। ਖਾਲੀ ਪੇਟ ਬਾਹਰ ਜਾਣ ਅਤੇ ਚਾਹ-ਕੌਫ਼ੀ ਦੇ ਜ਼ਿਆਦਾ ਸੇਵਨ ਤੋਂ ਗੁਰੇਜ਼ ਕਰੋ ਅਤੇ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦਾ ਖਾਸ ਖਿਆਲ ਰੱਖੋ; ਜੇਕਰ ਕਿਸੇ ਨੂੰ ਤੇਜ਼ ਬੁਖਾਰ, ਚੱਕਰ ਆਉਣੇ ਜਾਂ ਉਲਟੀ ਵਰਗੇ ਲੱਛਣ ਦਿਖਾਈ ਦੇਣ, ਤਾਂ ਉਸਨੂੰ ਤੁਰੰਤ ਛਾਂਦਾਰ ਜਗ੍ਹਾ 'ਤੇ ਬਿਠਾ ਕੇ ਗਿੱਲੇ ਕੱਪੜੇ ਨਾਲ ਪੱਟੀਆਂ ਕਰੋ ਅਤੇ ਬਿਨਾਂ ਦੇਰੀ ਨਜ਼ਦੀਕੀ ਸਿਹਤ ਕੇਂਦਰ ਲੈ ਕੇ ਆਓ।