ਮੁੰਬਈ : ਅਦਾਕਾਰਾ ਸ਼ੈਫਾਲੀ ਜਰੀਵਾਲਾ ਦਾ ਸ਼ਨੀਵਾਰ ਸ਼ਾਮ ਨੂੰ ਇੱਥੇ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਉਥੇ ਹੀ ਪਤਨੀ ਸ਼ੈਫਾਲੀ ਦੀ ਮੌਤ ਨਾਲ ਪਤੀ ਪਰਾਗ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਅਦਾਕਾਰ ਨੂੰ ਉਨ੍ਹਾਂ ਦਾ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਪਰਾਗ ਤਿਆਗੀ, ਸ਼ੈਫਾਲੀ ਦੀਆਂ ਅਸਥੀਆਂ ਆਪਣੇ ਸੀਨੇ ਨਾਲ ਲਗਾ ਕੇ ਫੁੱਟ-ਫੁੱਟ ਕੇ ਰੋਂਦੇ ਨਜ਼ਰ ਆਏ, ਜਿਸ ਨੂੰ ਵੇਖ ਕੇ ਕਿਸੇ ਦੀ ਅੱਖ ਨਮ ਹੋ ਗਈ। ਪਰਾਗ ਨੇ ਪਰਿਵਾਰ ਨਾਲ ਮਿਲ ਕੇ ਮੁੰਬਈ ਦੇ ਸਮੁੰਦਰ ਵਿਚ ਸ਼ੈਫਾਲੀ ਦੀਆਂ ਅਸਥੀਆਂ ਵਿਸਰਜਿਤ ਕੀਤੀਆਂ।
ਇਸ ਤੋਂ ਪਹਿਲਾਂ ਇਕ ਵੀਡੀਓ ਸਾਹਮਣੇ ਆਈ ਸੀ ਜੋ ਕਿ ਸ਼ੈਫਾਲੀ ਦੇ ਸਸਕਾਰ ਤੋਂ ਪਹਿਲਾਂ ਦੀ ਹੈ, ਜਿਸ ਵਿਚ ਪਰਾਗ ਆਪਣੀ ਪਤਨੀ ਸ਼ੈਫਾਲੀ ਦੀ ਲਾਸ਼ ਕੋਲ ਬੈਠ ਕੇ ਆਖਰੀ ਵਾਰ ਉਸਨੂੰ ਨਿਹਾਰਦੇ ਨਜ਼ਰ ਆਏ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ। ਉਨ੍ਹਾਂ ਨੇ ਫਿਰ ਆਪਣੀ ਪਤਨੀ ਦੇ ਮੱਥੇ ਨੂੰ ਵੀ ਚੁੰਮਿਆ ਅਤੇ ਸਿਰ 'ਤੇ ਹੱਥ ਫੇਰਦੇ ਵੀ ਨਜ਼ਰ ਆਏ।
ਦੱਸ ਦੇਈਏ ਕਿ "ਕਾਂਟਾ ਲਗਾ" ਗਾਣੇ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ੈਫਾਲੀ ਜਰੀਵਾਲਾ (42) ਦਾ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ੈਫਾਲੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਹਾਲਾਂਕਿ ਉਨ੍ਹਾਂ ਦੀ ਮੌਤ ਦਾ ਅਧਿਕਾਰਤ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸ਼ੈਫਾਲੀ ਦਾ ਸਸਕਾਰ ਓਸ਼ੀਵਾੜਾ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਅੰਤਿਮ ਸੰਸਕਾਰ ਜਰੀਵਾਲਾ ਦੇ ਪਤੀ ਪਰਾਗ ਤਿਆਗੀ, ਉਨ੍ਹਾਂ ਦੇ ਪਿਤਾ ਸਤੀਸ਼ ਜਰੀਵਾਲਾ ਅਤੇ ਛੋਟੀ ਭੈਣ ਸ਼ਿਵਾਨੀ ਜਰੀਵਾਲਾ ਨੇ ਕੀਤਾ। ਇਸ ਦੌਰਾਨ ਮੀਕਾ ਸਿੰਘ, ਵਿਕਾਸ ਗੁਪਤਾ, ਸ਼ਹਿਨਾਜ਼ ਗਿੱਲ, ਐਸ਼ਵਰਿਆ ਸਖੁਜਾ ਅਤੇ ਅਸ਼ੋਕ ਪੰਡਿਤ ਸਮੇਤ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਮੌਜੂਦ ਸਨ। ਸ਼ੈਫਾਲੀ ਨੂੰ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਪਰਾਗ ਤਿਆਗੀ ਸ਼ੁੱਕਰਵਾਰ ਰਾਤ ਨੂੰ ਉਪਨਗਰ ਮੁੰਬਈ ਦੇ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਲੈ ਕੇ ਗਏ ਸਨ। ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ, "ਸ਼ੈਫਾਲੀ ਨੂੰ ਰਾਤ 11:15 ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।"