ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਫਿਲਮ ਇੰਡਸਟਰੀ ਵਿਚ ਸਟੰਟਮੈਨਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਅਤੇ ਸ਼ਲਾਗਾਯੋਗ ਕਦਮ ਚੁੱਕਿਆ ਹੈ। ਉਨ੍ਹਾਂ ਨੇ ਭਾਰਤ ਭਰ ਦੇ ਲਗਭਗ 650 stuntmen ਅਤੇ stuntwomen ਦੇ ਜੀਵਨ ਦਾ ਬੀਮਾ ਕਰਵਾਇਆ ਹੈ। ਇਹ ਪਹਿਲ ਸਟੰਟ ਆਰਟਿਸਟ ਐਸ.ਐੱਮ. ਰਾਜੂ ਦੀ ਮੌਤ ਤੋਂ ਬਾਅਦ ਚੁੱਕਿਆ ਗਿਆ, ਜੋ 13 ਜੁਲਾਈ ਨੂੰ ਤਮਿਲ ਫਿਲਮ ‘ਵੇਟਟੂਵਮ’ ਦੀ ਸ਼ੂਟਿੰਗ ਦੌਰਾਨ ਇਕ ਹਾਦਸੇ ਵਿਚ ਜਾਨ ਗਵਾ ਬੈਠੇ।
ਬੀਮਾ ਯੋਜਨਾ ‘ਚ ਕੀ ਮਿਲੇਗਾ?
ਅਕਸ਼ੈ ਕੁਮਾਰ ਦੀ ਇਸ ਬੀਮਾ ਯੋਜਨਾ ਤਹਿਤ, ਹਜ਼ਾਰਾਂ ਐਕਸ਼ਨ ਕ੍ਰਿਊ ਮੈਂਬਰਾਂ ਨੂੰ ਸਿਹਤ ਤੇ ਦੁਰਘਟਨਾ ਕਵਰੇਜ ਮਿਲੇਗੀ। ਵਿਕ੍ਰਮ ਸਿੰਘ ਦਾਹੀਆ, ਜੋ ਕਿ ਇੱਕ ਮਸ਼ਹੂਰ ਸਟੰਟ ਡਾਇਰੈਕਟਰ ਹਨ ਅਤੇ ‘ਗੁੰਜਨ ਸੈਕਸੇਨਾ’, ‘ਅੰਤਿਮ’, ‘ਓਐਮਜੀ 2’, ‘ਜਿਗਰਾ’ ਵਰਗੀਆਂ ਫਿਲਮਾਂ ਨਾਲ ਜੁੜੇ ਰਹੇ ਹਨ, ਉਨ੍ਹਾਂ ਨੇ ਦੱਸਿਆ, “ਅਕਸ਼ੈ ਸਰ ਦੇ ਯਤਨਾਂ ਨਾਲ ਲਗਭਗ 650 ਤੋਂ 700 ਸਟੰਟ ਆਰਟਿਸਟਾਂ ਨੂੰ ਹੁਣ ਬੀਮਾ ਮਿਲੇਗਾ। ਇਸ ਪਾਲਿਸੀ ਵਿਚ ₹5 ਤੋਂ ₹5.5 ਲੱਖ ਤੱਕ ਨਕਦਰਹਿਤ ਇਲਾਜ ਦੀ ਸਹੂਲਤ ਸ਼ਾਮਲ ਹੈ, ਭਾਵੇਂ ਸੱਟ ਸੈੱਟ ਉੱਤੇ ਲੱਗੇ ਜਾਂ ਬਾਹਰ।”
ਸਟੰਟਮੈਨ ਐਸ.ਐੱਮ. ਰਾਜੂ ਦੀ ਮੌਤ ਨੇ ਖੜੇ ਕੀਤੇ ਸਵਾਲ
13 ਜੁਲਾਈ ਨੂੰ ਡਾਇਰੈਕਟਰ ਪਾ. ਰੰਜੀਤ ਦੀ ਆਉਣ ਵਾਲੀ ਫਿਲਮ ‘ਵੇਟਟੂਵਮ’ ਦੀ ਸ਼ੂਟਿੰਗ ਦੌਰਾਨ ਅਨੁਭਵੀ ਸਟੰਟ ਆਰਟਿਸਟ ਐਸ.ਐੱਮ. ਰਾਜੂ ਦੀ ਮੌਤ ਹੋ ਗਈ ਸੀ। ਉਹ ਇਕ ਕਾਰ ਟਾਪਲਿੰਗ ਸਟੰਟ ਕਰ ਰਹੇ ਸਨ, ਜਿਸ ਦੌਰਾਨ ਕਾਰ ਰੈਂਪ 'ਤੇ ਚੜ੍ਹੀ ਪਰ ਸੰਤੁਲਨ ਗੁਆ ਬੈਠੀ। ਵੀਡੀਓ ਵਿੱਚ ਦਿਖਾਇਆ ਗਿਆ ਕਿ ਸਟੰਟ ਬਹੁਤ ਖ਼ਤਰਨਾਕ ਸੀ ਅਤੇ ਦੁਰਘਟਨਾ ਦੇ ਤੁਰੰਤ ਬਾਅਦ ਰਾਜੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਫਿਲਮ ਇੰਡਸਟਰੀ ਵਿਚ ਚਿੰਤਾ ਦੀ ਲਹਿਰ
ਇਸ ਹਾਦਸੇ ਨੇ ਫਿਲਮ ਇੰਡਸਟਰੀ ਵਿਚ ਸਟੰਟ ਆਰਟਿਸਟਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਨੂੰ ਜਨਮ ਦਿੱਤਾ ਹੈ। ਅਕਸ਼ੈ ਕੁਮਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਇੰਡਸਟਰੀ ਲਈ ਮਿਸਾਲੀ ਅਤੇ ਲੋੜੀਂਦਾ ਹੈ।