ਸ਼ਿਖ਼ਰ ਧਵਨ, ਹਰਭਜਨ ਸਿੰਘ ਤੇ ਹੋਰ ਕਈ ਖਿਡਾਰੀਆਂ ਵੱਲੋਂ ਮੁਕਾਬਲਾ ਖੇਡਣ ਤੋਂ ਇਨਕਾਰ ਕੀਤੇ ਜਾਣ ਮਗਰੋਂ 'ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼' ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਖਿਡਾਰੀਆਂ ਨੇ ਅਪ੍ਰੈਲ ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਇਸ ਮੈਚ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਇਸ ਟੂਰਨਾਮੈਂਟ ਦਾ ਦੂਜਾ ਐਡੀਸ਼ਨ ਹੈ, ਜੋ ਕਿ 18 ਜੁਲਾਈ ਨੂੰ ਐਜਬੈਸਟਨ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦਾ ਆਖਰੀ ਮੈਚ 2 ਅਗਸਤ ਨੂੰ ਖੇਡਿਆ ਜਾਵੇਗਾ। 'ਇੰਡੀਆ ਲੈਜੈਂਡਜ਼' ਦੀ ਕਪਤਾਨੀ ਯੁਵਰਾਜ ਸਿੰਘ ਕਰ ਰਹੇ ਹਨ ਅਤੇ ਟੀਮ ਵਿੱਚ ਹਰਭਜਨ ਸਿੰਘ, ਇਰਫਾਨ ਪਠਾਨ, ਸੁਰੇਸ਼ ਰੈਨਾ, ਰੌਬਿਨ ਉਥੱਪਾ ਅਤੇ ਵਰੁਣ ਆਰੋਨ ਵਰਗੇ ਤਜਰਬੇਕਾਰ ਖਿਡਾਰੀ ਸ਼ਾਮਲ ਹਨ।
WCL ਦੇ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਅਤੇ ਮੈਚ ਰੱਦ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਇਸ ਮੈਚ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਬਾਰਾ ਕੁਝ 'ਸੁੰਦਰ ਯਾਦਾਂ' ਬਣਾਉਣਾ ਸੀ। ਬਿਆਨ ਵਿੱਚ ਕਿਹਾ ਗਿਆ ਹੈ, "ਜਦੋਂ ਸਾਨੂੰ ਪਤਾ ਲੱਗਾ ਕਿ ਇਸ ਸਾਲ ਪਾਕਿਸਤਾਨ ਦੀ ਹਾਕੀ ਟੀਮ ਭਾਰਤ ਆ ਰਹੀ ਹੈ ਅਤੇ ਹਾਲ ਹੀ ਵਿੱਚ ਦੋਵੇਂ ਦੇਸ਼ ਵਾਲੀਬਾਲ ਵਰਗੇ ਹੋਰ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ ਤਾਂ ਅਸੀਂ WCL ਵਿੱਚ ਭਾਰਤ-ਪਾਕਿਸਤਾਨ ਮੈਚ ਕਰਵਾਉਣ ਬਾਰੇ ਵੀ ਸੋਚਿਆ, ਤਾਂ ਜੋ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਕੁਝ ਮਜ਼ੇਦਾਰ ਪਲ ਮਿਲ ਸਕਣ। ਪਰ ਅਜਿਹਾ ਲੱਗਦਾ ਹੈ ਕਿ ਇਸ ਫੈਸਲੇ ਨਾਲ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।"
ਬਿਆਨ ਵਿੱਚ ਕਿਹਾ ਗਿਆ ਹੈ, "ਇਸ ਲਈ ਅਸੀਂ ਭਾਰਤ-ਪਾਕਿਸਤਾਨ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਦੇ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਇਸ ਫੈਸਲੇ ਨਾਲ ਠੇਸ ਪਹੁੰਚੀ ਹੈ ਅਤੇ ਉਮੀਦ ਹੈ ਕਿ ਲੋਕ ਸਮਝਣਗੇ ਕਿ ਅਸੀਂ ਸਿਰਫ ਪ੍ਰਸ਼ੰਸਕਾਂ ਲਈ ਕੁਝ ਖੁਸ਼ੀ ਦੇ ਪਲ ਲਿਆਉਣਾ ਚਾਹੁੰਦੇ ਸੀ।" ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ 'X' 'ਤੇ ਇੱਕ ਬਿਆਨ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਵਿਰੁੱਧ ਮੈਚ ਵਿੱਚ ਹਿੱਸਾ ਨਹੀਂ ਲੈਣਗੇ।