ਚੰਡੀਗੜ੍ਹ : ਸੀ. ਬੀ ਐੱਸ. ਈ. ਨੇ ਬੋਰਡ ਜਮਾਤਾਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਤਣਾਅ ਘਟਾਉਣ ਅਤੇ ਖੁਦਕੁਸ਼ੀਆਂ ਦਾ ਰੁਝਾਨ ਰੋਕਣ ਲਈ ਵਿਦਿਆਰਥੀਆਂ ਨੂੰ ਕਾਊਂਸਲਰ ਵਜੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੋਰਡ ਦੇ ਸਕੱਤਰ ਨੇ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤਹਿਤ ਵਿਦਿਆਰਥੀ ਪ੍ਰੀਖਿਆ ਸਬੰਧੀ ਤਣਾਅ ਤੇ ਹੋਰ ਸਮੱਸਿਆ ਬਾਰੇ ਪਹਿਲੀ ਜੂਨ ਤਕ ਬੋਰਡ ਦੇ ਟੌਲ ਫਰੀ ਨੰਬਰ ’ਤੇ ਮੁਫਤ ਸਲਾਹ ਲੈ ਸਕਣਗੇ, ਜਿਸ ਲਈ 73 ਮਾਹਿਰ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਹਨ ਤੇ ਥਿਊਰੀ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰੀਖਿਆ-ਸਬੰਧੀ ਤਣਾਅ ਹੋਣਾ ਆਮ ਗੱਲ ਹੈ। ਕਈ ਵਿਦਿਆਰਥੀ ਪ੍ਰੀਖਿਆਵਾਂ ਦਾ ਬੋਝ ਲੈ ਲੈਂਦੇ ਹਨ ਤੇ ਕੋਈ ਮਾਰਗਦਰਸ਼ਨ ਨਾ ਹੋਣ ਕਾਰਨ ਇਸ ’ਚ ਉਲਝੇ ਰਹਿੰਦੇ ਹਨ।
ਇਸ ਸਭ ਵਿਚਾਲੇ ਸੀ. ਬੀ. ਐੱਸ. ਈ ਨੇ 24×7 ਟੌਲ-ਫਰੀ ਨੰਬਰ 1800-11-8004 ਜਾਰੀ ਕੀਤਾ ਹੈ। ਵਿਦਿਆਰਥੀਆਂ ਨੂੰ ਇੰਟਰਐਕਟਿਵ ਵੌਇਸ ਰਿਸਪਾਂਸ ਸਿਸਟਮ (ਆਈ. ਵੀ. ਆਰ. ਐੱਸ) ਰਾਹੀਂ ਹਿੰਦੀ ਅਤੇ ਅੰਗਰੇਜ਼ੀ ਵਿਚ ਚੌਵੀ ਘੰਟੇ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਰਾਹੀਂ ਤਣਾਅ ਮੁਕਤ ਤਿਆਰੀ ਸਮੇਂ ਦੀ ਸਹੀ ਵਰਤੋਂ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਮਿਲਣਗੇ। ਇਹ ਟੈਲੀ-ਕਾਊਂਸਲਿੰਗ ਸੇਵਾਵਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9.30 ਵਜੇ ਤੋਂ ਸ਼ਾਮ 5.30 ਵਜੇ ਤੱਕ ਮਿਲਣਗੀਆਂ।
ਇਸ ਤੋਂ ਇਲਾਵਾ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਵੀ ਕਰ ਸਕਦੇ ਹਨ, ਜਿਸ ਸਬੰਧੀ 73 ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ। ਉਹ ਸੀ. ਬੀ. ਐੱਸ. ਈ ਨਾਲ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ, ਕਾਊਂਸਲਰਾਂ, ਵਿਸ਼ੇਸ਼ ਸਿੱਖਿਅਕਾਂ ਅਤੇ ਮਨੋਵਿਗਿਆਨੀਆਂ ਨਾਲ ਗੱਲਬਾਤ ਕਰ ਸਕਦੇ ਹਨ। ਇਨ੍ਹਾਂ ’ਚੋਂ 61 ਕੌਂਸਲਰ ਭਾਰਤ ਵਿਚ ਤੇ 12 ਕੌਂਸਲਰ ਨੇਪਾਲ, ਜਪਾਨ, ਕਤਰ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਸੇਵਾਵਾਂ ਦੇਣਗੇ।