ਨਵੀਂ ਦਿੱਲੀ : ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਵਿਚ ਇਕ ਸਾਲ ਪਹਿਲਾਂ ਜ਼ਮੀਨ ਖਿਸਕਣ ਤੋਂ ਬਾਅਦ ਆਪਣੇ ਸੰਸਦੀ ਹਲਕੇ ਵਿਚ ਆਈ ਭਿਆਨਕ ਆਫ਼ਤ ਦਾ ਮੁੱਦਾ ਉਠਾਇਆ। ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਰਾਹਤ ਲਈ ਕਰਜ਼ੇ ਵਜੋਂ ਦਿੱਤੀ ਗਈ ਰਕਮ ਮੁਆਫ਼ ਕਰਨ ਦੀ ਬੇਨਤੀ ਕੀਤੀ। ਜ਼ੀਰੋ ਆਵਰ ਦੌਰਾਨ ਇਸ ਮੁੱਦੇ ਨੂੰ ਉਠਾਉਂਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਕ ਸਾਲ ਪਹਿਲਾਂ ਵਾਇਨਾਡ ਵਿਚ ਇਕ ਕੁਦਰਤੀ ਆਫਤ ਆਈ ਸੀ, ਜਿਸ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਸੈਂਕੜੇ ਏਕੜ ਜ਼ਮੀਨ 'ਤੇ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ।
ਇਸ ਦੌਰਾਨ ਉਹਨਾਂ ਦਾਅਵਾ ਕੀਤਾ ਕਿ ਇਸ ਆਫ਼ਤ ਨੇ ਇਲਾਕੇ ਦੇ ਕਿਸਾਨਾਂ ਅਤੇ ਵਪਾਰੀਆਂ ਦੀ ਰੋਜ਼ੀ-ਰੋਟੀ ਤਬਾਹ ਕਰ ਦਿੱਤੀ ਸੀ ਅਤੇ ਕੇਂਦਰ ਵਲੋਂ ਲੋੜੀਂਦੀ ਵਿੱਤੀ ਸਹਾਇਤਾ ਦੀ ਘਾਟ ਕਾਰਨ ਲੋਕਾਂ ਦਾ ਸਹੀ ਤਰੀਕੇ ਨਾਲ ਪੁਨਰਵਾਸ ਨਹੀਂ ਹੋ ਸਕਿਆ। ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਇੱਕ ਸਾਲ ਤੋਂ ਵਾਇਨਾਡ ਲਈ ਫੰਡ ਜਾਰੀ ਕਰਨ ਦੀ ਬੇਨਤੀ ਕਰ ਰਹੇ ਸੀ ਪਰ ਜੋ ਨਾਕਾਫ਼ੀ ਰਕਮ ਦਿੱਤੀ ਗਈ, ਉਹ ਵੀ ਕਰਜ਼ੇ ਦੇ ਰੂਪ ਵਿੱਚ ਦਿੱਤੀ ਗਈ ਹੈ।
ਉਹਨਾਂ ਨੇ ਕਿਹਾ, "ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ, ਉਨ੍ਹਾਂ ਦੇ ਰੋਜ਼ੀ-ਰੋਟੀ ਦੇ ਸਾਧਨ ਤਬਾਹ ਹੋ ਗਏ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਆਪਣੇ ਆਪ ਨੂੰ ਮੁੜ ਵਸਾਉਣਗੇ ਅਤੇ ਕਰਜ਼ੇ ਦੀ ਰਕਮ ਵਾਪਸ ਕਰਨਗੇ।" ਪ੍ਰਿਯੰਕਾ ਨੇ ਕਿਹਾ, "ਵਾਇਨਾਡ ਦੇ ਲੋਕਾਂ ਵੱਲੋਂ ਮੈਂ ਕੇਂਦਰ ਸਰਕਾਰ ਨੂੰ ਨਿਮਰਤਾ ਨਾਲ ਬੇਨਤੀ ਕਰਦੀ ਹਾਂ ਕਿ ਇਹ ਕਰਜ਼ਾ ਮੁਆਫ਼ ਕੀਤਾ ਜਾਵੇ, ਜੋ ਕਿ ਕੇਂਦਰ ਲਈ ਬਹੁਤ ਛੋਟੀ ਰਕਮ ਹੈ।"