ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਨਾਂ ਅਤੇ ਚੋਣ ਚਿੰਨ੍ਹ ਦੇ ਇਸਤੇਮਾਲ 'ਤੇ ਰੋਕ ਲਗਾਏ ਜਾਣ ਦਾ ਮੁੱਦਾ ਸਿਰਫ਼ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਲੜਾਈ ਨਹੀਂ ਹੈ ਸਗੋਂ ਇਹ ਹਰ ਉਸ ਸਿਆਸੀ ਦਲ ਅਤੇ ਵੋਟਰ ਦੀ ਹੈ, ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਚਾਹੁੰਦਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ,''ਵੋਟ ਚੋਰੀ। ਸਰਕਾਰ ਚੋਰੀ। ਹੁਣ ਪਾਰਟੀ ਚੋਰੀ, ਇਹ ਸਾਡੇ ਲੋਕਤੰਤਰੀ ਪਤਨ ਦੇ ਪ੍ਰਤੀਕ ਬਣ ਗਏ ਹਨ।''
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਇਹ ਲੜਾਈ ਸਿਰਫ਼ ਮਮਤਾ ਬੈਨਰਜੀ ਜੀ ਦੀ ਨਹੀਂ ਹੈ। ਇਹ ਹਰ ਸਿਆਸੀ ਦਲ, ਹਰ ਵੋਟਰ ਦੀ ਲੜਾਈ ਹੈ, ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਚਾਹੁੰਦਾ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਚੋਣ ਕਮਿਸ਼ਨ ਮਿਲ ਕੇ ਸਿਆਸੀ ਦਲਾਂ ਨੂੰ ਤੋੜਨ ਅਤੇ ਉਨ੍ਹਾਂ ਦੇ ਚੋਣ ਚਿੰਨ੍ਹ ਖੋਹਣ ਦਾ ਕੰਮ ਕਰ ਰਹੇ ਹਨ। ਕਾਂਗਰਸ ਨੇਤਾ ਨੇ ਕਿਹਾ,''ਪਹਿਲਾਂ ਸ਼ਿਵ ਸੈਨਾ, ਫਿਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਹੁਣ ਤ੍ਰਿਣਮੂਲ ਕਾਂਗਰਸ। ਹਰ ਵਾਰ ਇਕ ਹੀ ਪੈਟਰਨ- ਭਾਜਪਾ ਅਤੇ ਚੋਣ ਕਮਿਸ਼ਨ ਮਿਲ ਕੇ ਇਕ ਪਾਰਟੀ ਨੂੰ ਤੋੜਦੇ ਹਨ। ਫਿਰ ਉਸ ਦਾ ਚੋਣ ਚਿੰਨ੍ਹ ਖੋਹ ਲਿਆ ਜਾਂਦਾ ਹੈ।''
ਉਨ੍ਹਾਂ ਕਿਹਾ,''ਜਦੋਂ ਪੂਰੀ ਦੀ ਪੂਰੀ ਪਾਰਟੀ ਚੋਰੀ ਹੋ ਸਕਦੀ ਹੈ ਤਾਂ ਕਰੋੜਾਂ ਭਾਰਤੀਆਂ ਦੇ ਵੋਟ ਚੋਰੀ ਹੋਣਾ ਵੀ ਹੈਰਾਨੀ ਦੀ ਗੱਲ ਨਹੀਂ।'' ਉਨ੍ਹਾਂ ਨੇ ਚੋਣ ਕਮਿਸ਼ਨ ਦੀ ਭੂਮਿਕਾ 'ਤੇ ਸਵਾਲ ਚੁੱਕਦੇ ਹੋਏ ਕਿਹਾ,''ਕਮਿਸ਼ਨ ਦੀ ਸੰਵਿਧਾਨਕ ਜ਼ਿੰਮੇਵਾਰੀ ਜਨਾਦੇਸ਼ ਦੀ ਰੱਖਿਆ ਕਰਨਾ ਹੈ ਪਰ ਉਲਟਾ ਉਹ ਉਨ੍ਹਾਂ ਤਾਕਤਾਂ ਦੀ ਮਦਦ ਕਰ ਰਿਹਾ ਹੈ, ਜੋ ਜਨਤਾ ਦੇ ਫੈਸਲੇ ਨੂੰ ਹੀ ਪਲਟ ਦਿੰਦੇ ਹਨ।''
ਚੋਣ ਕਮਿਸ਼ਨ ਨੇ ਤ੍ਰਿਣਮੂਲ ਕਾਂਗਰਸ ਦੇ ਦੋਵਾਂ ਧਿਰਾਂ ਨੂੰ ਪੱਛਮੀ ਬੰਗਾਲ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਪਾਰਟੀ ਦੇ ਨਾਂ ਅਤੇ 'ਜੋੜਾ ਫੁੱਲ' ਚੋਣ ਚਿੰਨ੍ਹ ਦਾ ਇਸਤੇਮਾਲ ਨਾ ਕਰਨ ਦਾ ਵੀਰਵਾਰ ਨੂੰ ਨਿਰਦੇਸ਼ ਦਿੱਤਾ। ਕਮਿਸ਼ਨ ਨੇ ਦੋਵਾਂ ਧਿਰਾਂ ਤੋਂ ਸ਼ੁੱਕਰਵਾਰ ਸਵੇਰ ਤੱਕ ਆਪਣੀ ਪਸੰਦ ਦੇ ਨਾਂ ਅਤੇ ਚੋਣ ਚਿੰਨ੍ਹ ਸੌਂਪਣ ਲਈ ਵੀ ਕਿਹਾ ਹੈ।