ਨਵੀਂ ਦਿੱਲੀ : ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਯਾਤਰਾ 'ਤੇ ਆਏ ਨੇਪਾਲ ਦੇ ਵਿੱਤ ਮੰਤਰੀ ਡਾ. ਸਵਰਣਿਮ ਵਾਗਲੇ ਨਾਲ ਵੀਰਵਾਰ ਨੂੰ ਰਾਜਧਾਨੀ 'ਚ ਮੁਲਾਕਾਤ ਕੀਤੀ ਅਤੇ ਦੋਵਾਂ ਧਿਰਾਂ ਨੇ ਦੁਵੱਲੇ ਵਪਾਰ ਅਤੇ ਆਰਥਿਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਇਸ ਬੈਠਕ 'ਚ ਵਿਦੇਸ਼ ਸਕੱਤਰ ਅਤੇ ਆਰਥਿਕ ਵਿਭਾਗ ਦੇ ਸਕੱਤਰ ਵੀ ਸ਼ਾਮਲ ਸਨ।
ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਦੋਵਾਂ ਮੰਤਰੀਆਂ ਨੇ ਹੜ੍ਹ ਦੇ ਅਸਰ ਅਤੇ ਨੇਪਾਲ ਦੇ ਪੁਨਰ ਨਿਰਮਾਣ ਅਤੇ ਮੁੜ ਵਸੇਬੇ ਦੀਆਂ ਤਰਜੀਹਾਂ 'ਤੇ ਚਰਚਾ ਕੀਤੀ। ਸੀਤਾਰਮਨ ਨੇ ਨੇਪਾਲ 'ਚ ਹਾਲ ਹੀ 'ਚ ਆਏ ਹੜ੍ਹ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਲਈ ਹਮਦਰਦੀ ਪ੍ਰਗਟ ਕੀਤੀ ਅਤੇ ਨੇਪਾਲ ਨੂੰ ਉਭਰਨ ਅਤੇ ਪੁਨਰ ਨਿਰਮਾਣ ਯਤਨਾਂ 'ਚ ਭਾਰਤ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ। ਡਾ. ਵਾਗਲੇ ਨੇ ਭਾਰਤ ਦੇ ਸਮਰਥਨ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਭਾਰਤ ਦੀ ਸਹਾਇਤਾ ਦੀ ਸ਼ਲਾਘਾ ਕੀਤੀ।
ਦੱਸਣਯੋਗ ਹੈ ਕਿ ਨੇਪਾਲ 'ਚ ਹਾਲ ਹੀ 'ਚ ਆਈ ਗੰਭੀਰ ਕੁਦਰਤੀ ਆਫ਼ਤ ਦੇ ਮੱਦੇਨਜ਼ਰ ਭਾਰਤ ਨੇ ਬਚਾਅ ਅਤੇ ਰਾਹਤ ਕਾਰਜਾਂ ਲਈ ਰਾਹਤ ਸਮੱਗਰੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਹੈ। ਵਿੱਤ ਮੰਤਰਾਲੇ ਨੇ ਦੋਵਾਂ ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਮੁਲਾਕਾਤ ਬਾਰੇ ਕਿਹਾ,"ਚਰਚਾ 'ਚ ਵੱਖ-ਵੱਖ ਖੇਤਰਾਂ 'ਚ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਪਹਿਲਕਦਮੀਆਂ ਦੇ ਨਾਲ-ਨਾਲ ਵਪਾਰ, ਨਿਵੇਸ਼ ਅਤੇ ਲੋਕਾਂ ਵਿਚਾਲੇ ਆਪਸੀ ਆਦਾਨ-ਪ੍ਰਦਾਨ ਨੂੰ ਵਧਾਉਣ ਲਈ ਸੰਪਰਕ ਨੂੰ ਬਿਹਤਰ ਬਣਾਉਣ 'ਤੇ ਚਰਚਾ ਕੀਤੀ ਗਈ। ਦੋਵਾਂ ਧਿਰਾਂ ਨੇ ਭਾਰਤ ਅਤੇ ਨੇਪਾਲ ਵਿਚਕਾਰ ਵਪਾਰ ਅਤੇ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।" ਨੇਪਾਲ ਦੇ ਵਿੱਤ ਮੰਤਰੀ ਵਜੋਂ ਇਹ ਡਾ. ਵਾਗਲੇ ਦੀ ਭਾਰਤ ਦੀ ਪਹਿਲੀ ਅਧਿਕਾਰਤ ਯਾਤਰਾ ਹੈ।