ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੇਸ਼ ਦੇ ਆਜ਼ਾਦੀ ਦਿਹਾੜੇ ’ਤੇ ਵਧਾਈ ਦੇਣ ਲਈ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੀਵ ਨੂੰ ਰੂਸ ਨਾਲ ਜੰਗ ਖਤਮ ਕਰਨ ਲਈ ‘ਭਾਰਤ ਦੇ ਯੋਗਦਾਨ’ ’ਤੇ ਭਰੋਸਾ ਹੈ।
ਜ਼ੇਲੈਂਸਕੀ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਯੂਕ੍ਰੇਨ ‘ਸ਼ਾਂਤੀ ਅਤੇ ਗੱਲਬਾਤ’ ਪ੍ਰਤੀ ਭਾਰਤ ਦੇ ਸਮਰਪਣ ਦੀ ਕਦਰ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੂਰੀ ਦੁਨੀਆ ਇਸ ਭਿਆਨਕ ਜੰਗ ਨੂੰ ਸਨਮਾਨਜਨਕ ਢੰਗ ਨਾਲ ਅਤੇ ਸਥਾਈ ਸ਼ਾਂਤੀ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਸਾਨੂੰ ਭਾਰਤ ਦੇ ਯੋਗਦਾਨ ’ਤੇ ਭਰੋਸਾ ਹੈ।
ਉਨ੍ਹਾਂ ਕਿਹਾ ਕਿ ਕੂਟਨੀਤੀ ਨੂੰ ਮਜ਼ਬੂਤ ਕਰਨ ਵਾਲਾ ਹਰ ਫੈਸਲਾ ਨਾ ਸਿਰਫ਼ ਯੂਰਪ ਵਿਚ ਸਗੋਂ ਹਿੰਦ-ਪ੍ਰਸ਼ਾਂਤ ਅਤੇ ਇਸ ਤੋਂ ਬਾਹਰ ਵੀ ਬਿਹਤਰ ਸੁਰੱਖਿਆ ਵੱਲ ਲੈ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 16 ਅਗਸਤ ਨੂੰ ਯੂਕ੍ਰੇਨ ਦੇ ਲੋਕਾਂ ਲਈ ਸ਼ਾਂਤੀ ਅਤੇ ਤਰੱਕੀ ਨਾਲ ਭਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਜ਼ੇਲੈਂਸਕੀ ਦਾ ਆਜ਼ਾਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ ਕੀਤਾ।