ਨਵੀਂ ਦਿੱਲੀ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਚੋਲਗੀ ਸਬੰਧੀ ਦਾਅਵਾ ਕਰਨ ਦੇ ਸੰਦਰਭ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਨਹੀਂ ਲਿਆ। ਅਜਿਹਾ ਉਹਨਾਂ ਨੇ ਇਸ ਕਰਕੇ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਟਰੰਪ ਉਹਨਾਂ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਰੱਖ ਦੇਣਗੇ। ਉਹਨਾਂ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੀ ਹੋਇਆ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, "ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ ਟਰੰਪ ਝੂਠ ਬੋਲ ਰਹੇ ਹਨ। ਹਰ ਕੋਈ ਜਾਣਦਾ ਹੈ ਕਿ ਕੀ ਹੋਇਆ ਹੈ। ਉਹ ਬੋਲਣ ਦੇ ਯੋਗ ਨਹੀਂ ਹਨ, ਇਹ ਹਕੀਕਤ ਹੈ। ਜੇਕਰ ਪ੍ਰਧਾਨ ਮੰਤਰੀ ਬੋਲਦੇ ਹਨ, ਤਾਂ ਉਹ (ਟਰੰਪ) ਖੁੱਲ੍ਹ ਕੇ ਬੋਲਣਗੇ ਅਤੇ ਪੂਰਾ ਸੱਚ ਦੱਸਣਗੇ। ਇਸੇ ਲਈ (ਮੋਦੀ) ਨਹੀਂ ਬੋਲ ਰਹੇ ਹਨ।" ਉਨ੍ਹਾਂ ਕਿਹਾ, "ਇਸ ਵੇਲੇ ਉਹ (ਟਰੰਪ) ਇੱਕ ਵਪਾਰ ਸਮਝੌਤਾ ਚਾਹੁੰਦੇ ਹਨ। ਉਹ (ਟਰੰਪ) ਉੱਥੇ ਦਬਾਅ ਪਾਉਣਗੇ। ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦਾ ਵਪਾਰ ਸਮਝੌਤਾ ਹੁੰਦਾ ਹੈ।"
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਟਾਲ-ਮਟੋਲ ਵਾਲੇ ਢੰਗ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨੂੰ ਸਿੱਧਾ ਕਹਿਣਾ ਚਾਹੀਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਝੂਠ ਬੋਲਿਆ ਹੈ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਕਿਹਾ ਸੀ ਕਿ ਦੁਨੀਆ ਦੇ ਕਿਸੇ ਵੀ ਨੇਤਾ ਨੇ ਆਪ੍ਰੇਸ਼ਨ ਸਿੰਦੂਰ ਨੂੰ ਰੋਕਣ ਲਈ ਨਹੀਂ ਕਿਹਾ।