ਮੋਹਾਲੀ : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਸੋਮਵਾਰ ਸ਼ਾਮ ਨੂੰ ਮੋਹਾਲੀ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਣਾ ਬਲਾਚੌਰੀਆ ਦੇ ਕਤਲ ਨੂੰ ਲੈ ਕੇ ਵੱਡੇ ਖ਼ੁਲਾਸੇ ਹੋ ਰਹੇ ਹਨ। ਰਾਣਾ ਦੇ ਪੋਸਟਮਾਰਟਮ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸ਼ੂਟਰਾਂ ਨੇ ਰਾਣਾ ਦੇ ਸਿਰ ਵਿਚ ਗੋਲ਼ੀ ਮਾਰੀ ਜੋ ਉਸ ਦੀ ਠੋਡੀ ਰਾਹੀਂ ਬਾਹਰ ਆ ਗਈ। ਇਹੀ ਗੋਲੀ ਉਸ ਦੀ ਮੌਤ ਦਾ ਮੁੱਖ ਕਾਰਣ ਬਣੀ। ਇਸ ਵਾਰਦਾਤ ਦੌਰਾਨ ਰਾਣਾ ਬਲਾਚੌਰੀਆ ਦਾ ਸਾਥੀ ਜਗਪ੍ਰੀਤ ਗੋਸਲਾਂ ਵੀ ਗੋਲੀ ਲੱਗਣ ਕਾਰਣ ਗੰਭੀਰ ਜ਼ਖਮੀ ਹੋਇਆ ਹੈ। ਜਿਸ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦਰਅਸਲ ਜਦੋਂ ਰਾਣਾ ਦੇ ਗੋਲੀ ਲੱਗੀ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ ਤਾਂ ਜਗਪ੍ਰੀਤ ਉਸ ਦਾ ਬਚਾਅ ਕਰਨ ਲਈ ਭੱਜਿਆ, ਇਸ ਦੌਰਾਨ ਉਸ ਦੇ ਪੱਟ ਵਿਚ ਵੀ ਗੋਲੀ ਲੱਗ ਗਈ। ਜਗਪ੍ਰੀਤ ਰਾਣਾ ਬਲਾਚੌਰੀਆ ਦੇ ਨਾਲ ਹੀ ਕਬੱਡੀ ਕੱਪ ਵਿਚ ਆਇਆ ਸੀ। ਜ਼ਿਲ੍ਹਾ ਪੁਲਸ ਮੁਖੀ ਹਰਮਨਦੀਪ ਸਿੰਘ ਹਾਂਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੂੰ ਦੋ ਸ਼ੂਟਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿਨਾਂ ਦੀ ਪਛਾਣ ਹੋ ਗਈ ਹੈ ਜਦੋਂ ਕਿ ਇਕ ਤੀਜਾ ਵਿਅਕਤੀ ਵੀ ਉਨ੍ਹਾਂ ਦੇ ਨਾਲ ਸੀ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਲੋਕਲ ਮੋਹਾਲੀ ਦਾ ਹੋ ਸਕਦਾ ਹੈ। ਸ਼ੂਟਰਾਂ ਦੀ ਪਛਾਣ ਅਦਿਤਿਆ ਕਪੂਰ ਅਤੇ ਕਰਨ ਪਾਠਕ ਵੱਜੋਂ ਹੋਈ ਹੈ, ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
10 ਦਿਨ ਪਹਿਲਾਂ ਹੋਈ ਸੀ ਵਿਆਹ
ਰਾਣਾ ਬਲਾਚੌਰੀਆ ਦਾ ਅਜੇ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਮੂਲ ਰੂਪ 'ਚ ਬਲਾਚੌਰ ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਮੋਹਾਲੀ 'ਚ ਹੀ ਰਹਿ ਰਿਹਾ ਸੀ। ਰਾਣਾ ਬਲਾਚੌਰੀਆ ਦੇ ਘਰ ਜਿੱਥੇ ਕੱਲ੍ਹ ਦੁਪਹਿਰ ਤੱਕ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਉੱਥੇ ਹੀ ਉਸ ਦੀ ਮੌਤ ਨੇ ਘਰ 'ਚ ਸੱਥਰ ਵਿਛਾ ਦਿੱਤੇ। ਰਾਣਾ ਬਲਾਚੌਰੀਆ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਤਨੀ ਦਾ ਹਾਲ ਦੇਖਿਆ ਨਹੀਂ ਜਾਂਦਾ।