ਚੰਡੀਗੜ੍ਹ : ਚੰਡੀਗੜ੍ਹ 'ਚ ਇਸ ਵੇਲੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਪੱਛਮੀ ਗੜਬੜੀ ਤੇ ਉੱਪਰੀ ਹਵਾ ਦੇ ਚੱਕਰਵਾਤੀ ਗੇੜ ਦੇ ਦੋਹਰੇ ਪ੍ਰਭਾਵ ਮਈ ਦੇ ਪਹਿਲੇ 10 ਦਿਨਾਂ ਦੌਰਾਨ ਗਰਮੀ ਨੂੰ ਦੂਰ ਰੱਖਣਗੇ। ਇਸ ਸਿਸਟਮ ਕਾਰਨ 9 ਮਈ ਤੱਕ ਸ਼ਹਿਰ 'ਚ ਬੱਦਲਾਂ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। ਸੋਮਵਾਰ ਤੋਂ ਬੁੱਧਵਾਰ ਤੱਕ ਅਗਲੇ 5 ਦਿਨਾਂ ਦੌਰਾਨ ਸ਼ਹਿਰ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਵੀ ਬੱਦਲਾਂ ਦੇ ਨਾਲ-ਨਾਲ ਚੱਲਣ ਵਾਲੀਆਂ ਹਵਾਵਾਂ ਤਾਪਮਾਨ ਨੂੰ 37 ਡਿਗਰੀ ਤੋਂ ਉੱਪਰ ਨਹੀਂ ਜਾਣ ਦੇਣਗੀਆਂ। ਮੀਂਹ ਨੇ ਐਤਵਾਰ ਦੀ ਛੁੱਟੀ ਨੂੰ ਸੁਹਾਵਣਾ ਬਣਾ ਦਿੱਤਾ।
ਮਈ ਦੇ ਪਹਿਲੇ ਦਿਨ ਤੋਂ ਬਦਲਦੇ ਮੌਸਮ ਕਾਰਨ ਲਗਾਤਾਰ ਚੌਥੇ ਦਿਨ ਵੀ ਗਰਮੀ ਸ਼ਹਿਰ ਤੋਂ ਦੂਰ ਰਹੀ। ਐਤਵਾਰ ਦੀ ਛੁੱਟੀ ਵਾਲੇ ਦਿਨ ਲੋਕਾਂ ਦੇ ਸਵੇਰੇ ਉੱਠਣ ਤੋਂ ਪਹਿਲਾਂ ਹੀ ਸ਼ਹਿਰ ਮੀਂਹ ਨਾਲ ਭਿੱਜ ਗਿਆ ਸੀ। ਸਵੇਰੇ ਕਰੀਬ 4:30 ਵਜੇ ਬੱਦਲਾਂ ਦੀ ਤੇਜ਼ ਗਰਜ ਨਾਲ ਮੀਂਹ ਸ਼ੁਰੂ ਹੋਇਆ ਅਤੇ ਇਹ ਸ਼ਾਮ 7 ਵਜੇ ਤੱਕ ਜਾਰੀ ਰਿਹਾ। ਲਗਭਗ ਢਾਈ ਘੰਟੇ ਤੱਕ ਪਏ ਮੀਂਹ ਕਦੇ ਤੇਜ਼ ਤੇ ਕਦੇ ਹੌਲੀ, ਸਵੇਰ ਦੇ ਤਾਪਮਾਨ ਨੂੰ ਵਧਣ ਤੋਂ ਰੋਕਿਆ। ਇਸ ਸਮੇਂ ਦੌਰਾਨ ਸ਼ਹਿਰ ’ਚ 7.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਇਸ ਤੋਂ ਪਹਿਲਾਂ ਰਾਤ ਨੂੰ ਵੀ ਤਾਪਮਾਨ 20.7 ਡਿਗਰੀ ਸੀ। ਸਵੇਰ ਦੇ ਮੀਂਹ ਤੋਂ ਬਾਅਦ ਦਿਨ ਵੇਲੇ ਬੱਦਲ ਕਮਜ਼ੋਰ ਹੋ ਗਏ ਤੇ ਸੂਰਜ ਨਿਕਲਿਆ ਅਤੇ ਤਾਪਮਾਨ ਵੱਧ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਪਰ ਸੂਰਜ ਡੁੱਬਣ ਤੋਂ ਪਹਿਲਾਂ ਸੰਘਣੇ ਕਾਲੇ ਬੱਦਲਾਂ ਨੇ ਸ਼ਹਿਰ ਨੂੰ ਢੱਕ ਲਿਆ। ਸ਼ਾਮ 6 ਵਜੇ ਕਾਲੇ ਬੱਦਲਾਂ ਨੇ ਹਨ੍ਹੇਰਾ ਕਰ ਦਿੱਤਾ ਪਰ ਤੇਜ਼ ਹਵਾਵਾਂ ਨੇ ਇਨ੍ਹਾਂ ਬੱਦਲਾਂ ਨੂੰ ਮੀਂਹ ਨਹੀਂ ਪੈਣ ਦਿੱਤਾ। ਰਾਤ 9 ਵਜੇ ਤੋਂ ਬਾਅਦ ਬੱਦਲ ਫਿਰ ਤੋਂ ਬੂੰਦਾਬਾਂਦੀ ਨਾਲ ਮੀਂਹ ਪਾਉਣ ਲੱਗੇ। ਦੂਜੇ ਪਾਸੇ ਸੁਖਣਾ ਝੀਲ ’ਤੇ ਪੂਰਾ ਦਿਨ ਲੋਕ ਸੁਹਵਣੇ ਮੌਸਮ ਦਾ ਪਰਿਵਾਰ ਤੇ ਦੋਸਤਾਂ ਨਾਲ ਆਨੰਦ ਲੈਂਦੇ ਨਜ਼ਰ ਆਏ।