ਜਲੰਧਰ/ਸੰਗਰੂਰ : ਪੰਜਾਬ 'ਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਜਾਰੀ ਹੈ, ਜੋਕਿ 4 ਵਜੇ ਤੱਕ ਜਾਰੀ ਰਹੇਗਾ। ਪੂਰੇ ਸੂਬੇ 'ਚ ਅਮਨ-ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਹਨ ਅਤੇ ਲੋਕ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਹਾਲਾਂਕਿ ਕੁੱਝ ਜ਼ਿਲ੍ਹਿਆਂ 'ਚ ਸਵੇਰੇ ਵੇਲੇ ਸੰਘਣੀ ਧੁੰਦ ਛਾਈ ਹੋਈ ਸੀ, ਇਸ ਦੇ ਬਾਵਜੂਦ ਵੋਟਰਾਂ 'ਚ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਸਣੇ ਪਿੰਡ ਮੰਗਵਾਲ ਵਿਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਆਪਣੀ ਵੋਟ ਦੀ ਵਰਤੋਂ ਕਰਨ ਤੋਂ ਬਾਅਦ ਸੀ. ਐੱਮ. ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕੀ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ-ਆਪਣੇ ਪੋਲਿੰਗ ਬੁੱਥ 'ਤੇ ਜਾ ਕੇ ਆਪਣੀ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਸੀ. ਐੱਮ. ਨੇ ਕਿਹਾ ਕੀ ਵੋਟ ਦੇ ਅਧਿਕਾਰ ਦੀ ਵਰਤੋਂ ਸਾਨੂੰ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ। ਜਿਹੜਾ ਵੀ ਉਮੀਦਵਾਰ ਤੁਹਾਨੂੰ ਚੰਗਾ ਲਗਦਾ ਹੈ, ਉਸ ਨੂੰ ਆਪਣੀ ਵੋਟ ਪਾਓ। ਕਿਉਂਕਿ ਇਹ ਚੋਣਾਂ ਲੋਕਲ ਮੁੱਦਿਆਂ ਦੇ ਆਧਾਰ 'ਤੇ ਹਨ। ਇਸ ਲਈ ਆਪਣੀ ਵੋਟ ਉਸ ਉਮੀਦਵਾਰ ਨੂੰ ਪਾਓ ਜੋ ਤੁਹਾਡੇ ਲੋਕਲ ਮੁੱਦਿਆਂ ਨੂੰ ਸੁਣਦਾ ਹੈ। ਇਸ ਆਧਾਰ 'ਤੇ ਤੁਸੀਂ ਆਪਣੇ ਖੇਤਰ ਦੀ ਤੱਰਕੀ ਦਾ ਰਾਹ ਪੱਧਰਾ ਕਰ ਸਕਦੇ ਹੋ। ਦੱਸ ਦੇਈਏ ਕਿ ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਸੰਮਤੀ ਲਈ ਉਮੀਦਵਾਰ ਚੁਣੇ ਜਾਣਗੇ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕੁੱਲ੍ਹ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ ਲਗਭਗ 90,000 ਕਰਮਚਾਰੀ ਤਾਇਨਾਤ ਕੀਤੇ ਗਏ ਹਨ।