ਚੰਡੀਗੜ੍ਹ : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੁੱਖ ਮੰਤਰੀ ਦੇ ਓ. ਐੱਸ. ਡੀ. ਰਾਜਬੀਰ ਘੁੰਮਣ ਅੱਜ ਸੀ. ਬੀ. ਆਈ. ਅੱਗੇ ਪੇਸ਼ ਹੋਏ। ਰਾਜਬੀਰ ਘੁੰਮਣ ਦੁਪਹਿਰ 2 ਵਜੇ ਦੇ ਕਰੀਬ ਸੀ. ਬੀ. ਆਈ. ਅੱਗੇ ਪੁੱਛਗਿੱਛ ਲਈ ਪੇਸ਼ ਹੋਏ। ਇਸ ਤੋਂ ਪਹਿਲਾਂ ਵੀ ਸੀ. ਬੀ. ਆਈ. ਉਨ੍ਹਾਂ ਤੋਂ ਕਰੀਬ 6 ਘੰਟੇ ਪੁੱਛਗਿੱਛ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ, ਜਦੋਂ ਕਿ ਸੀ. ਬੀ. ਆਈ. ਨੂੰ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਰੋਕਿਆ ਹੋਇਆ ਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਚੱਲ ਰਹੀ ਜਾਂਚ ਅਤੇ ਦਰਜ ਐੱਫ. ਆਈ. ਆਰ. 'ਤੇ ਰੋਕ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਪੁੱਛਗਿੱਛ 'ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸੀ. ਬੀ. ਆਈ. ਵਲੋਂ ਇਸੇ ਲੜੀ ਤਹਿਤ ਚੁਸਪਿੰਦਰ ਸਿੰਘ ਚਾਹਲ ਅਤੇ ਬੀਰ ਦਵਿੰਦਰ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਤੋਂ ਬਾਅਦ ਦੋਹਾਂ ਨੇ ਕਿਹਾ ਕਿ ਸੀ. ਬੀ. ਆਈ. ਵੱਲੋਂ ਉਨ੍ਹਾਂ ਤੋਂ ਜੋ ਵੀ ਸਵਾਲ ਪੁੱਛੇ ਗਏ, ਉਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਅੱਗੇ ਵੀ ਜਾਂਚ ’ਚ ਸੀ. ਬੀ. ਆਈ. ਨੂੰ ਪੂਰਾ ਸਹਿਯੋਗ ਦਿੰਦੇ ਰਹਿਣਗੇ।