ਖੰਨਾ : ਖੰਨਾ ਦੇ ਜੀ. ਟੀ. ਰੋਡ ਸਥਿਤ ਦੋਰਾਹਾ ਨੇੜੇ ਬੀਤੀ ਰਾਤ ਦਿੱਲੀ ਤੋਂ ਕਸ਼ਮੀਰ ਜਾ ਰਹੀ ਇਕ ਨਿੱਜੀ ਬੱਸ 'ਤੇ ਪੱਥਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਪੁਸ਼ਟੀ ਪੁਲਸ ਨੇ ਇਕ ਵੀਡੀਓ ਜਾਰੀ ਕਰਕੇ ਕੀਤੀ ਹੈ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐੱਸ. ਪੀ. (ਡੀ) ਖੰਨਾ ਰਾਕੇਸ਼ ਯਾਦਵ ਨੇ ਦੱਸਿਆ ਕਿ ਇਹ ਬੱਸ ਬੀਤੀ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਰਵਾਨਾ ਹੋਈ ਸੀ। ਦੇਰ ਰਾਤ ਕਰੀਬ 11.15 ਵਜੇ ਜਦੋਂ ਬੱਸ ਖੰਨਾ ਦੇ ਜੀ. ਟੀ. ਰੋਡ ਸਥਿਤ ਚੌਰਾਹੇ ਕੋਲ ਪੁੱਜੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਬੱਸ 'ਤੇ ਪੱਥਰ ਸੁੱਟ ਦਿੱਤਾ।
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਬੱਸ ਚਾਲਕ ਦਾ ਹਰਿਆਣਾ ਸਥਿਤ ਇਕ ਢਾਬੇ 'ਤੇ ਝਗੜਾ ਹੋਇਆ ਸੀ। ਇਸ ਮਾਮਲੇ 'ਚ ਉੱਥੋਂ ਦੀ ਪੁਲਸ ਵਲੋਂ ਕੇਸ ਦਰਜ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਫਿਲਹਾਲ ਖੰਨਾ ਪੁਲਸ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਪੁਲਸ ਦੇ ਸੰਪਰਕ 'ਚ ਹੈ ਅਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੱਥਰ ਸੁੱਟਣ ਵਾਲੇ ਵਿਅਕਤੀ ਦੀ ਪਛਾਣ ਅਤੇ ਘਟਨਾ ਪਿੱਛੇ ਕਾਰਨਾਂ ਦਾ ਪਤਾ ਲਾਉਣ ਲਈ ਪੁਲਸ ਜਾਂਚ ਜਾਰੀ ਹੈ।