ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨਾਲ ਜੁੜੇ ਕਥਿਤ ‘ਪੈਸੇ ਲੈ ਕੇ ਸੰਸਦ ’ਚ ਸਵਾਲ ਪੁੱਛਣ’ ਦੇ ਮਾਮਲੇ ’ਚ ਲੋਕਪਾਲ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੀ.ਬੀ.ਆਈ. ਨੇ ਲੋਕਪਾਲ ਦੀ ਸਿਫ਼ਾਰਿਸ਼ ’ਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੇ ਉਪਬੰਧਾਂ ਤਹਿਤ ਪਿਛਲੇ ਸਾਲ 21 ਮਾਰਚ ਨੂੰ ਮਹੂਆ ਅਤੇ ਹੀਰਾਨੰਦਾਨੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਸੀ। ਮਹੂਆ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਅਤੇ ਹੀਰਾਨੰਦਾਨੀ ਤੋਂ ਰਿਸ਼ਵਤ ਤੇ ਹੋਰ ਅਣਉੱਚਿਤ ਲਾਭ ਲੈ ਕੇ ਆਪਣੇ ਸੰਸਦੀ ਵਿਸ਼ੇਸ਼ ਅਧਿਕਾਰਾਂ ਨਾਲ ਸਮਝੌਤਾ ਕਰਨ ਅਤੇ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਪ੍ਰਾਪਤ ਲਾਗਇਨ ਆਈ.ਡੀ. ਅਤੇ ਪਾਸਵਰਡ ਸਾਂਝਾ ਕਰਕੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਦਾ ਦੋਸ਼ ਹੈ। ਮਹੂਆ ਪਿਛਲੀਆਂ ਲੋਕ ਸਭਾ ਚੋਣਾਂ ’ਚ ਪੱਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਚੁਣੀ ਗਈ ਸੀ।