ਸਵਿਟਜ਼ਰਲੈਂਡ ਦੀ ਖੁਰਾਕ ਅਤੇ ਕਨਫੈਕਸ਼ਨਰੀ ਕੰਪਨੀ ਨੈਸਲੇ ਦੇ ਪ੍ਰਸਿੱਧ ਚਾਕਲੇਟ-ਬ੍ਰਾਂਡ ਕਿਟਕੈਟ ਲਈ ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਗਿਆ ਹੈ। ਕੰਪਨੀ ਅਨੁਸਾਰ ਮਜ਼ਬੂਤ ਖਪਤਕਾਰ ਪਹੁੰਚ, ਉਤਪਾਦ ਨਵੀਨਤਾ ਅਤੇ ਹਮਲਾਵਰ ਮਾਰਕੀਟਿੰਗ ਨਿਵੇਸ਼ ਦੇ ਕਾਰਨ ਭਾਰਤ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ।
ਨੈਸਲੇ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮਨੀਸ਼ ਤਿਵਾਰੀ ਨੇ ਹਾਲ ਹੀ ’ਚ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਹੁਣ ਕਿਟਕੈਟ ਲਈ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਪਿਛਲੇ ਕੁਝ ਸਾਲਾਂ ’ਚ ਬ੍ਰਾਂਡ ਦੀ ਬਾਜ਼ਾਰ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ। ਕੰਪਨੀ ਅਨੁਸਾਰ ਭਾਰਤ ਪਿਛਲੇ 2 ਤੋਂ 3 ਸਾਲਾਂ ਤੋਂ ਇਸ ਬ੍ਰਾਂਡ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਸੀ ਪਰ ਹੁਣ ਇਹ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਤਿਵਾਰੀ ਨੇ ਇਹ ਵੀ ਦੱਸਿਆ ਕਿ ਕਿਟਕੈਟ ਹੁਣ ਨੈਸਲੇ ਦੇ ਪੋਰਟਫੋਲੀਓ ’ਚ ਮੈਗੀ ਤੋਂ ਬਾਅਦ ਦੂਜਾ ਅਜਿਹਾ ਬ੍ਰਾਂਡ ਬਣ ਗਿਆ ਹੈ, ਜੋ ਗਲੋਬਲ ਪੱਧਰ ’ਤੇ ਸਭ ਤੋਂ ਵੱਡਾ ਬਾਜ਼ਾਰ ਹਾਸਲ ਕਰ ਚੁੱਕਾ ਹੈ।