ਭਾਰਤ ’ਚ ਮਹਿੰਗਾਈ ਨਾਲ ਜੁੜਿਆ ਤਾਜ਼ਾ ਡਾਟਾ ਸਾਹਮਣੇ ਆਇਆ ਹੈ, ਜਿਸ ’ਚ ਦਸੰਬਰ 2025 ’ਚ ਪ੍ਰਚੂਨ ਮਹਿੰਗਾਈ ’ਚ ਸਾਫ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਮਹਿੰਗਾਈ ਹੁਣ ਵੀ ਰਿਜ਼ਰਵ ਬੈਂਕ ਦੀ ਤੈਅ ਹੇਠਲੀ ਹੱਦ ਤੋਂ ਹੇਠਾਂ ਬਣੀ ਹੋਈ ਹੈ।
ਅੰਕੜਿਆਂ ਮੁਤਾਬਕ ਕੰਜ਼ਿਊਮਰ ਪ੍ਰਾਈਸ ਇੰਡੈਕਸ (ਸੀ. ਪੀ. ਆਈ.) ਦੇ ਆਧਾਰ ’ਤੇ ਮਾਪੀ ਜਾਣ ਵਾਲੀ ਪ੍ਰਚੂਨ ਮਹਿੰਗਾਈ ਦਸੰਬਰ 2025 ’ਚ ਵਧ ਕੇ 1.66 ਫੀਸਦੀ ’ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਨਵੰਬਰ ’ਚ ਇਹ ਮਹਿੰਗਾਈ 0.71 ਫੀਸਦੀ ਸੀ। ਇਹ ਜਾਣਕਾਰੀ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲਾ ਵੱਲੋਂ ਜਾਰੀ ਕੀਤੀ ਗਈ।
ਮਹਿੰਗਾਈ ’ਚ ਇਹ ਵਾਧਾ ਮੁੱਖ ਤੌਰ ’ਤੇ ਰੋਜ਼ਾਨਾ ਦੀ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਵਧਣ ਦੀ ਵਜ੍ਹਾ ਨਾਲ ਹੋਇਆ। ਦਸੰਬਰ ਮਹੀਨੇ ’ਚ ਪਰਸਨਲ ਕੇਅਰ ਪ੍ਰੋਡਕਟਸ, ਸਬਜ਼ੀਆਂ, ਮਾਸ ਅਤੇ ਮੱਛੀ, ਆਂਡਾ, ਮਸਾਲੇ, ਦਾਲਾਂ ਅਤੇ ਉਨ੍ਹਾਂ ਨਾਲ ਜੁੜੇ ਉਤਪਾਦ ਮਹਿੰਗੇ ਹੋਏ, ਜਿਸ ਦਾ ਸਿੱਧਾ ਅਸਰ ਕੁੱਲ ਮਹਿੰਗਾਈ ਦਰ ’ਤੇ ਪਿਆ।
ਆਰ. ਬੀ. ਆਈ. ਦੀ ਹੱਦ ਤੋਂ ਹੇਠਾਂ ਬਣੀ ਰਹੀ ਮਹਿੰਗਾਈ
ਹਾਲਾਂਕਿ ਦਸੰਬਰ ’ਚ ਮਹਿੰਗਾਈ ਵਧੀ ਪਰ ਇਸ ਦੇ ਬਾਵਜੂਦ ਇਹ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਹੇਠਲੀ ਸਹਿਣਸ਼ੀਲ ਹੱਦ 2 ਫੀਸਦੀ ਤੋਂ ਹੇਠਾਂ ਹੀ ਰਹੀ। ਇਸ ਤੋਂ ਪਹਿਲਾਂ ਨਵੰਬਰ 2025 ’ਚ ਵੀ ਮਹਿੰਗਾਈ ’ਚ ਤੇਜ਼ੀ ਆਈ ਸੀ, ਜਦੋਂ ਇਹ ਅਕਤੂਬਰ ਦੇ ਰਿਕਾਰਡ ਹੇਠਲੇ ਪੱਧਰ 0.25 ਫੀਸਦੀ ਤੋਂ ਉੱਪਰ ਆਈ ਸੀ।
ਖਾਧ ਪਦਾਰਥਾਂ ਦੀਆਂ ਕੀਮਤਾਂ ’ਚ ਪਹਿਲਾਂ ਆਈ ਨਰਮੀ ਦੀ ਵਜ੍ਹਾ ਨਾਲ ਮਹਿੰਗਾਈ ਲੰਬੇ ਸਮੇਂ ਤੋਂ ਕੰਟਰੋਲ ’ਚ ਬਣੀ ਹੋਈ ਸੀ। ਖਾਸ ਤੌਰ ’ਤੇ ਸਬਜ਼ੀਆਂ, ਦਾਲਾਂ ਅਤੇ ਮਸਾਲਿਆਂ ਦੇ ਭਾਅ ਘੱਟ ਰਹਿਣ ਨਾਲ ਮਹਿੰਗਾਈ ’ਤੇ ਦਬਾਅ ਘੱਟ ਦੇਖਿਆ ਗਿਆ।
ਆਰ. ਬੀ. ਆਈ. ਨੇ ਵਿੱਤੀ ਸਾਲ 26 ਲਈ ਘਟਾਇਆ ਮਹਿੰਗਾਈ ਦਾ ਅੰਦਾਜ਼ਾ
ਦਸੰਬਰ 3 ਤੋਂ 5 ਦੇ ਵਿਚਾਲੇ ਹੋਈ ਕਰੰਸੀ ਨੀਤੀ ਕਮੇਟੀ ਦੀ ਬੈਠਕ ’ਚ ਆਰ. ਬੀ. ਆਈ. ਨੇ ਵਿੱਤੀ ਸਾਲ 26 ਲਈ ਮਹਿੰਗਾਈ ਦਾ ਅੰਦਾਜ਼ਾ ਘਟਾ ਕੇ 2 ਫੀਸਦੀ ਕਰ ਦਿੱਤਾ। ਇਸ ਤੋਂ ਪਹਿਲਾਂ ਇਹ ਅੰਦਾਜ਼ਾ 2.6 ਫੀਸਦੀ ਰੱਖਿਆ ਗਿਆ ਸੀ। ਉੱਥੇ ਹੀ ਵਿੱਤੀ ਸਾਲ 26 ਦੀ ਤੀਜੀ ਤਿਮਾਹੀ ਲਈ ਮਹਿੰਗਾਈ 0.6 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ।
ਤਾਜ਼ਾ ਅੰਕੜੇ ਦੱਸਦੇ ਹਨ ਕਿ ਭਾਵੇਂ ਹੀ ਦਸੰਬਰ ’ਚ ਮਹਿੰਗਾਈ ’ਚ ਵਾਧਾ ਹੋਇਆ ਹੋਵੇ ਪਰ ਕੁੱਲ ਮਿਲਾ ਕੇ ਇਹ ਅਜੇ ਵੀ ਕੰਟਰੋਲ ’ਚ ਮੰਨੀ ਜਾ ਰਹੀ ਹੈ ਅਤੇ ਕੇਂਦਰੀ ਬੈਂਕ ਦੇ ਅੰਦਾਜ਼ੇ ਦੇ ਘੇਰੇ ’ਚ ਬਣੀ ਹੋਈ ਹੈ।