ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75 ਸਾਲ ਪੂਰੇ ਹੋਣ ’ਤੇ ਉਨ੍ਹਾਂ ਦੇ ਸਿਆਸੀ ਸੰਨਿਆਸ ਦਾ ਸੰਕੇਤ ਦੇ ਦਿੱਤਾ ਹੈ। ਇਸ ਦੇ ਨਾਲ ਹੀ ਸਿੱਧਰਮਈਆ ਨੇ ਕਿਹਾ ਕਿ ਕਿਸੇ ਦਲਿਤ ਨੂੰ ਅਗਲਾ ਪ੍ਰਧਾਨ ਮੰਤਰੀ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਕੋਲ ਇਹ ‘ਸੁਨਹਿਰੀ ਮੌਕਾ’ ਹੈ।
ਉਹ ਕਰਨਾਟਕ ਭਾਜਪਾ ਪ੍ਰਧਾਨ ਬੀ. ਵਾਈ. ਵਿਜੇਂਦਰ ਦੇ ਬਿਆਨ ਦਾ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਪੱਛੜੇ ਵਰਗਾਂ ਅਤੇ ਅਨੁਸੂਚਿਤ ਜਾਤੀ/ਜਨਜਾਤੀ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕਰਨ ਲਈ ਆਪਣੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰੇ।
ਇਸ ਦੇ ਨਾਲ ਹੀ ਸਿੱਧਰਮਈਆ ਨੇ ਇਹ ਵੀ ਕਿਹਾ, “ਮਲਿਕਾਰਜੁਨ ਖੜਗੇ ਨਾ ਸਿਰਫ ਕੁੱਲ ਭਾਰਤੀ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੇ ਪ੍ਰਧਾਨ ਹਨ, ਸਗੋਂ ਇਕ ਸਨਮਾਨਯੋਗ ਰਾਜਨੇਤਾ ਵੀ ਹਨ। ਉਨ੍ਹਾਂ ਦਾ ਉਭਾਰ ‘ਦਲਿਤ ਕਾਰਡ’ ਖੇਡਣ ਦਾ ਨਹੀਂ, ਸਗੋਂ ਦਹਾਕਿਆਂ ਦੇ ਸਮਰਪਣ, ਈਮਾਨਦਾਰੀ ਅਤੇ ਲੋਕ ਸੇਵਾ ਦਾ ਨਤੀਜਾ ਹੈ। ਉਨ੍ਹਾਂ ਨੂੰ ਕਦੇ ਸਿਆਸੀ ਹਿਫਾਜ਼ਤ ਦੀ ਲੋੜ ਨਹੀਂ ਪਈ ਅਤੇ ਮੈਂ ਸਪੱਸ਼ਟ ਕਰ ਦੇਵਾਂ, ਕਾਂਗਰਸ ’ਚ ਇਹ ਸਾਡੀ ਪਾਰਟੀ ਤੈਅ ਕਰਦੀ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਸਾਡਾ ਉਮੀਦਵਾਰ ਕੌਣ ਹੋਵੇਗਾ, ਭਾਜਪਾ ਨਹੀਂ।”