ਚੰਡੀਗੜ੍ਹ : ਪੰਜਾਬ ਸਰਕਾਰ ਦੇ ਵਿਰੋਧ ਦੇ ਬਾਵਜੂਦ ਵੀ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵਲੋਂ ਭਾਖੜਾ ਡੈਮ 'ਤੇ ਸੀ. ਆਈ. ਐੱਸ. ਐੱਫ. ਜਵਾਨਾਂ ਦੀ ਤਾਇਨਾਤੀ ਦੀ ਤਿਆਰੀ ਖਿੱਚ ਲਈ ਗਈ ਹੈ। ਬੀ. ਬੀ. ਐੱਮ. ਬੀ. ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ 8.50 ਕਰੋੜ ਰੁਪਏ ਜ੍ਹਮਾਂ ਕਰਵਾ ਦਿੱਤੇ ਹਨ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਕੇਂਦਰ ਨੂੰ ਸੂਚਿਤ ਕੀਤਾ ਸੀ ਕਿ ਉਹ ਸੀ. ਆਈ. ਐੱਸ. ਐੱਫ. ਦੀ ਤਾਇਨਾਤੀ ਲਈ ਕਿਸੇ ਵੀ ਕਿਸਮ ਦੇ ਖ਼ਰਚੇ ਦੇ ਭੁਗਤਾਨ ਨਹੀਂ ਕਰੇਗੀ।
ਇਸ ਦੇ ਬਾਵਜੂਦ ਬੀ. ਬੀ. ਐੱਮ. ਬੀ. ਵਲੋਂ ਸੀ. ਆਈ. ਐੱਸ. ਐੱਫ. ਦੀਆਂ ਸੁਰੱਖਿਆ ਸੇਵਾਵਾਂ ਲਈ ਕੇਂਦਰ ਨੂੰ 8.5 ਕਰੋੜ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਸ ਤੋਂ ਬਾਅਦ ਸਿਆਸੀ ਸਗਰਮੀਆਂ ਤੇਜ਼ ਹੋ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਵਲੋਂ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।
ਪੰਜਾਬ ਵਿਧਾਨ ਸਭਾ 'ਚ ਪਾਸ ਕੀਤਾ ਸੀ ਮਤਾ
ਦੱਸਣਯੋਗ ਹੈ ਕਿ ਭਾਖੜਾ ਡੈਮ 'ਤੇ ਸੀ. ਆਈ. ਐੱਸ. ਐੱਫ. ਦੀ ਤਾਇਨਾਤੀ ਖ਼ਿਲਾਫ਼ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਮਤਾ ਪਾਸ ਕੀਤਾ ਗਿਆ ਸੀ। ਇਸ ਰਾਹੀਂ ਸੂਬਾ ਸਰਕਾਰ ਨੇ ਸਾਫ਼ ਕੀਤਾ ਸੀ ਕਿ ਭਾਖੜਾ ਡੈਮ 'ਤੇ ਸੀ. ਆਈ. ਐੱਸ. ਐੱਫ. ਦੀ ਮੌਜੂਦਗੀ ਸੂਬੇ ਦੇ ਹੱਕਾਂ 'ਤੇ ਦਖ਼ਲ-ਅੰਦਾਜ਼ੀ ਹੈ। ਪੰਜਾਬ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਇਹ ਸੰਘੀ ਢਾਂਚੇ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਸੂਬਿਆਂ ਦੀ ਖ਼ੁਦਮੁਖ਼ਤਿਆਰੀ 'ਤੇ ਸਵਾਲ ਖੜ੍ਹੇ ਕਰਦੀ ਹੈ। ਇਸ ਮਤੇ ਲਈ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਹਾਮੀ ਭਰੀ ਗਈ ਸੀ।