ਚੰਡੀਗੜ੍ਹ : ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ 4 ਨਵੰਬਰ ਨੂੰ ਪੰਜਾਬ ਦੌਰੇ 'ਤੇ ਹਨ। ਸੰਗਰੂਰ ਤੋਂ ਹੋਣ ਵਾਲੀ 'ਇਨਸਾਫ਼ ਰੈਲੀ' ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਇਹ ਦੌਰਾ ਕਾਂਗਰਸ ਲਈ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਰੈਲੀ 'ਚ ਰਾਹੁਲ ਗਾਂਧੀ ਨਾਲ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੀ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਦੀ ਮੌਜੂਦਗੀ 'ਚ ਪੰਜਾਬ ਦੇ ਨੇਤਾਵਾਂ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਮੀਟਿੰਗ ਹੋ ਚੁੱਕੀ ਹੈ। ਹੁਣ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਉਣ 'ਤੇ ਫੋਕਸ ਰਹੇਗਾ।
ਇਸ ਦੌਰੇ ਰਾਹੀਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ 'ਮਿਸ਼ਨ 2027' ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦਾ ਸਪੱਸ਼ਟ ਸੁਨੇਹਾ ਵੀ ਦਿੱਤਾ ਜਾਵੇਗਾ। ਪਾਰਟੀ ਸੂਤਰਾਂ ਅਨੁਸਾਰ ਉਮੀਦਵਾਰਾਂ ਦੀ ਚੋਣ ਵੇਲੇ ਉਨ੍ਹਾਂ ਦੇ ਸਾਫ਼ ਅਕਸ, ਲੋਕਾਂ 'ਚ ਪਕੜ, ਆਪਣੇ ਹਲਕੇ 'ਚ ਸਰਗਰਮੀ ਅਤੇ ਚੋਣ ਜਿੱਤਣ ਦੀ ਸਮਰੱਥਾ ਨੂੰ ਮੁੱਖ ਆਧਾਰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਮੌਜੂਦਾ ਵਿਧਾਇਕਾਂ ਦੇ ਕੰਮਕਾਜ, ਨਵੇਂ ਚਿਹਰਿਆਂ ਦੀਆਂ ਸੰਭਾਵਨਾਵਾਂ ਅਤੇ ਵੱਖ-ਵੱਖ ਹਲਕਿਆਂ 'ਚ ਪਾਰਟੀ ਦੀ ਸਥਿਤੀ ਦਾ ਵੀ ਮੁਲਾਂਕਣ ਕੀਤਾ ਜਾਵੇਗਾ।