ਬ੍ਰਿਟੇਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਨੇੜੇ ਤਿੰਨ ਨੌਜਵਾਨਾਂ ਨੇ ਦੋ ਬਜ਼ੁਰਗ ਸਿੱਖਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀਆਂ ਪੱਗਾਂ ਵੀ ਜ਼ਬਰਦਸਤੀ ਉਤਾਰ ਦਿੱਤੀਆਂ ਗਈਆਂ।
ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਤਿੰਨਾਂ ਨੌਜਵਾਨਾਂ ਨੇ ਅਚਾਨਕ ਬਜ਼ੁਰਗ ਸਿੱਖਾਂ ਨੂੰ ਘੇਰ ਲਿਆ ਅਤੇ ਸੜਕ ਦੇ ਵਿਚਕਾਰ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਟਕਰਾਅ ਦੌਰਾਨ ਇੱਕ ਸਿੱਖ ਦੀ ਪੱਗ ਉਤਰ ਗਈ, ਜਿਸ ਕਾਰਨ ਭਾਈਚਾਰੇ ਵਿੱਚ ਗੁੱਸਾ ਦੇਖਿਆ ਜਾ ਰਿਹਾ ਹੈ।
ਘਟਨਾ ਦੀ ਜਾਂਚ ਕਰ ਰਹੀ ਬ੍ਰਿਟਿਸ਼ ਪੁਲਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਜਿਹਾ ਵਤੀਰਾ ਅਸਵੀਕਾਰਨਯੋਗ ਹੈ। ਅਸੀਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਯੂ.ਕੇ. ਅਤੇ ਭਾਰਤ ਵਿੱਚ ਸਿੱਖ ਭਾਈਚਾਰੇ ਵਿੱਚ ਗੁੱਸਾ ਅਤੇ ਚਿੰਤਾ ਵਧ ਗਈ ਹੈ। ਭਾਈਚਾਰੇ ਦੇ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਅਤੇ ਨਸਲੀ ਹਿੰਸਾ 'ਤੇ ਸਖ਼ਤ ਕਾਨੂੰਨ ਲਾਗੂ ਕਰੇ।