ਉੱਤਰ ਪ੍ਰਦੇਸ਼ ਵਿਚ ਬਿਜਨੌਰ ਜ਼ਿਲ੍ਹੇ ਦੇ ਨਾਂਗਲ ਸੋਤੀ ਖੇਤਰ ਵਿਚ ਸਥਿਤ ਖੰਡ ਮਿਲ ਵਿਚ ਸ਼ੁੱਕਰਵਾਰ ਨੂੰ ਟੈਂਕ ਦੀ ਸਫਾਈ ਕਰਨ ਉੱਤਰੇ ਚਾਰ ਮਜ਼ਦੂਰਾਂ ਵਿਚੋਂ ਤਿੰਨ ਦੀ ਜ਼ਹਿਰੀਲੀ ਗੈਸ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਸ ਨੇ ਦੱਸਿਆ ਕਿ ਉੱਤਮ ਸ਼ੂਗਰ ਮਿਲ ਵਿਚ ਇਨ੍ਹੀਂ ਦਿਨੀਂ ਸਫਾਈ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਅੱਜ ਸਵੇਰੇ ਤਕਰੀਬਨ ਸਾਢੇ ਦਸ ਵਜੇ ਚਾਰ ਮਜ਼ਦੂਰ ਮਿਲ ਵਿਚ ਏਟੀਪੀ ਪਲਾਂਟ ਟੈਂਕ ਦੀ ਸਫਾਈ ਕਰਨ ਪਹੁੰਚੇ ਸਨ। ਸਫਾਈ ਦੌਰਾਨ ਵਾਟਰ ਟ੍ਰੀਟਮੈਂਟ ਟੈਂਕ ਵਿਚ ਮਜ਼ਦੂਰ ਜਿਵੇਂ ਹੀ ਉਤਰੇ, ਅਚਾਨਕ ਬੇਹੋਸ਼ ਹੋ ਕੇ ਡਿੱਗ ਪਏ। ਟੈਂਕ ਵਿਚ ਜ਼ਿਆਦਾ ਪਾਣੀ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਟੈਂਕ ਵਿਚ ਜ਼ਹਿਰੀਲੀ ਗੈਸ ਸੀ ਜਿਸ ਕਾਰਨ ਮਜ਼ਦੂਰ ਬੇਹੋਸ਼ ਹੋ ਕੇ ਡਿੱਗ ਗਏ। ਉਨ੍ਹਾਂ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਟੈਂਕ ਤੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਕਪਿਲ ਦੇਵ (40), ਮੁਨੇਸ਼ਵਰ (45) ਤੇ ਸੋਪਾਲ (49) ਨੂੰ ਮ੍ਰਿਤ ਐਲਾਨ ਕਰ ਦਿੱਤਾ। ਬੇਹੋਸ਼ੀ ਦੀ ਹਾਲਤ ਵਿਚ ਪ੍ਰਭਾਤ ਨਾਂ ਦਾ ਮਜ਼ਦੂਰ ਹਸਪਤਾਲ ਵਿਚ ਦਾਖਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕਾਂ ਦੇ ਪਰਿਵਾਰ ਵਾਲੇ ਮੌਕੇ ਉੱਤੇ ਪਹੁੰਚ ਗਏ ਤੇ ਮਿਲ ਗੇਟ ਉੱਤੇ ਹੰਗਾਮਾ ਕੀਤਾ। ਨਾਲ ਹੀ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।