ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐੱਸ.) ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ਜੰਗਾਂ ਬਿਆਨਬਾਜ਼ੀ ਨਾਲ ਨਹੀਂ ਸਗੋਂ ਐਕਸ਼ਨ ਨਾਲ ਜਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ’ਚ ਸਪੱਸ਼ਟ ਮੰਤਵ ਅਤੇ ਨਿਸ਼ਾਨੇ ਹੋਣੇ ਚਾਹੀਦੇ ਹਨ।
ਸ਼ਨੀਵਾਰ ਇੱਥੇ ਡੁੰਡੀਗਲ ਨੇੜੇ ਏਅਰ ਫੋਰਸ ਅਕੈਡਮੀ ’ਚ ਆਯੋਜਿਤ 216ਵੇਂ ਕੋਰਸ ਦੀ ਸਾਂਝੀ ਗ੍ਰੈਜੂਏਸ਼ਨ ਪਰੇਡ ਨੂੰ ਸੰਬੋਧਨ ਕਰਦਿਆਂ ਚੌਹਾਨ ਨੇ ਕਿਹਾ ਕਿ ਅਨੁਸ਼ਾਸਨ, ਠੋਸ ਯੋਜਨਾਬੰਦੀ ਤੇ ਫੈਸਲਾਕੁੰਨ ਅਮਲ ਦੇਸ਼ ਦੀ ਅਸਲ ਫੌਜੀ ਸਮਰੱਥਾ ਨੂੰ ਦਰਸਾਉਂਦੇ ਹਨ। ਉਨ੍ਹਾਂ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਹਮੇਸ਼ਾ ਜਿੱਤ ਦੇ ਝੂਠੇ ਦਾਅਵੇ ਕਰਦਾ ਹੈ। ਕੁਝ ਸਮਾਂ ਪਹਿਲਾਂ ਵੀ ਉਸ ਨੂੰ ਅਜਿਹੇ ਝੂਠੇ ਦਾਅਵੇ ਤੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਦੇ ਵੇਖਿਆ ਗਿਆ ਹੈ, ਜਦੋਂ ਕਿ ਜ਼ਮੀਨੀ ਹਕੀਕਤ ਵੱਖਰੀ ਹੈ।
ਅਨਿਲ ਚੌਹਾਨ ਨੇ ਜੰਗ ਤੇ ਟਕਰਾਅ ’ਚ ਇਕ ਵੱਡੀ ਕ੍ਰਾਂਤੀ ਦੀ ਸ਼ੁਰੂਆਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤੀ ਸੁਰੱਖਿਆ ਫੋਰਸਾਂ ਬਦਲਦੇ ਹਾਲਾਤ ਮੁਤਾਬਕ ਹਮੇਸ਼ਾ ਤਿਆਰ ਹਨ। ਉਹ ਸਮੇਂ ਮੁਤਾਬਕ ਰਹਿਣ ਤੇ ਸੁਧਾਰਾਂ ਨੂੰ ਅਪਣਾਉਣ ਲਈ ਵੀ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਨਵੇਂ ਸਿਖਲਾਈ ਪ੍ਰਾਪਤ ਅਧਿਕਾਰੀ ਭਾਰਤੀ ਹਥਿਆਰਬੰਦ ਫੌਜਾਂ ’ਚ ਅਜਿਹੇ ਸਮੇਂ ਸ਼ਾਮਲ ਹੋ ਰਹੇ ਹਨ ਜਦੋਂ ਫੌਜਾਂ ਤਬਦੀਲੀ ਦੇ ਪੜਾਅ ’ਚ ਦਾਖਲ ਹੋ ਰਹੀਆਂ ਹਨ। ਏਕੀਕ੍ਰਿਤ ਢਾਂਚੇ, ਸਾਂਝੇ ਕਾਰਜ ਤੇ ਰੱਖਿਆ ’ਚ ਸਵੈਨਿਰਭਰ ਭਾਰਤ ਦੀ ਰਾਸ਼ਟਰੀ ਪਹਿਲਕਦਮੀ ਦੇਸ਼ ਦੀ ਫੌਜੀ ਸ਼ਕਤੀ ਦੇ ਭਵਿੱਖ ਨੂੰ ਆਕਾਰ ਦੇ ਰਹੀ ਹੈ। ਭਾਰਤੀ ਰੱਖਿਆ ਫੋਰਸਾਂ ਬਦਲਦੇ ਵਾਤਾਵਰਣ ਦੇ ਅਨੁਕੂਲ ਹੋਣ ਲਈ ਵਚਨਬੱਧ ਹਨ।
‘ਆਪ੍ਰੇਸ਼ਨ ਸਿੰਧੂਰ’ ਹੌਲੀ ਹੋਇਆ ਹੈ ਪਰ ਜਾਰੀ ਹੈ
ਸੀ.ਡੀ.ਐੱਸ. ਅਨਿਲ ਚੌਹਾਨ ਨੇ ਕਿਹਾ ਕਿ ਭਾਰਤ ਦੀ ਤਾਕਤ ਮਜ਼ਬੂਤ ਅਦਾਰਿਆਂ, ਲੋਕਰਾਜੀ ਸਥਿਰਤਾ ਤੇ ਹਥਿਆਰਬੰਦ ਫੌਜਾਂ ਦੀ ਅਟੁੱਟ ਪੇਸ਼ੇਵਰਤਾ ’ਤੇ ਆਧਾਰਿਤ ਹੈ। ‘ਆਪ੍ਰੇਸ਼ਨ ਸਿੰਧੂਰ' ਹੌਲੀ ਹੋਇਆ ਹੈ, ਪਰ ਇਹ ਜਾਰੀ ਹੈ। ਨਵੇਂ ਅਧਿਕਾਰੀ ਵੀ ਭਾਰਤੀ ਹਵਾਈ ਫੌਜ ’ਚ ਅਜਿਹੇ ਸਮੇਂ ਸ਼ਾਮਲ ਹੋ ਰਹੇ ਹਨ ਜਦੋਂ ਇਕ ਆਮ ਵਰਗੀ ਸਥਿਤੀ ਪੂਰੀ ਤਰ੍ਹਾਂ ਸਥਾਪਤ ਹੋ ਗਈ ਹੈ। ਇਹ ਇਕ ਅਜਿਹਾ ਯੁੱਗ ਹੈ ਜਦੋਂ 24 ਘੰਟੇ ਸਰਗਰਮ ਰਹਿਣ ਦੀ ਲੋੜ ਹੈ।