ਨਵਾਂ ਸ਼ਹਿਰ (ਮਨੋਰੰਜਨ ਕਾਲੀਆ) : ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਕਨਵੈਂਨਸ਼ਨਾਂ ਕਰਨ ਦੇ ਸੱਦੇ 'ਤੇ ਸਾਥੀ ਕੁਲਵਿੰਦਰ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਹਰਪਾਲ ਸਿੰਘ ਜਗਤਪੁਰ, ਨਿਰੰਜਨ ਦਾਸ ਮੇਹਲੀ, ਕੁਲਦੀਪ ਸਿੰਘ ਦੌੜਕਾ, ਕਮਲਜੀਤ ਸਨਾਵਾ, ਹਰੀ ਬਿਲਾਸ, ਜਸਵਿੰਦਰ ਸਿੰਘ ਭੰਗਲ, ਗੁਰਦਿਆਲ ਸਿੰਘ, ਜਸਵਿੰਦਰ ਰਾਹੋਂ, ਗੁਰਿੰਦਰ ਲਾਲ, ਬਲਜਿੰਦਰ ਸਿੰਘ, ਹਰਮੇਸ਼ ਕੁਮਾਰ ਆਦਿ ਹਾਜ਼ਰ ਸਨ। ਦੇਸ਼ ਅੰਦਰ ਤਿੱਖੇ ਹੋ ਰਹੇ ਫਾਸ਼ੀਵਾਦੀ ਹਮਲਿਆਂ ਦਾ ਜਨਤਕ ਲਾਮਬੰਦੀ ਰਾਹੀਂ ਟਾਕਰਾ ਕਰਨ ਲਈ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਨਵੈਂਨਸ਼ਨ 12 ਅਗਸਤ ਨੂੰ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ, ਨਵਾਂ ਸ਼ਹਿਰ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ।
ਆਗੂਆਂ ਨੇ ਦੱਸਿਆ ਕਿ ਦੇਸ਼ ਪੱਧਰ ਤੇ ਆਰ ਐਸ ਐਸ ਵੱਲੋਂ ਹਿੰਦੂ ਰਾਜ ਬਣਾਉਣ ਲਈ ਭਾਜਪਾ ਰਾਹੀਂ ਲਿਆਂਦੀਆਂ ਜਾ ਰਹੀਆਂ ਫਿਰਕੂ ਫਾਸ਼ੀ ਨੀਤੀਆਂ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ,ਦਲਿਤਾਂ, ਔਰਤਾਂ ਅਤੇ ਹਰ ਵਿਰੋਧੀ ਆਵਾਜ ਲਈ ਇੱਕ ਚੁਣੌਤੀ ਬਣ ਚੁੱਕੀਆਂ ਹਨ। ਦੇਸ਼ ਦਾ ਮਾੜਾ ਮੋਟਾ ਬਚਿਆ ਫੈਡਰਲ ਢਾਂਚਾ ਤਬਾਹ ਕਰਕੇ ਸਮੂਹ ਰਾਜਸੀ ਤੇ ਸੰਵਿਧਾਨਿਕ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਕਾਲੇ ਜਾਬਰ ਕਾਨੂੰਨ ਲਾਗੂ ਕਰਕੇ ਹਰ ਵਿਰੋਧੀ ਆਵਾਜ਼ ਦਾ ਗਲਾ ਘੁਟਿਆ ਜਾ ਰਿਹਾ ਹੈ। ਬਿਹਾਰ ਵਿੱਚ ਵੋਟਾਂ ਦਾ ਸਰਵੇਖਣ ਕਰਨ ਦੇ ਨਾਂ 'ਤੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ। ਜੋ ਕਿ ਆਉਂਦੇ ਸਮੇਂ ਵਿੱਚ ਸਾਰੇ ਦੇਸ਼ ਚ ਲਾਗੂ ਕਰਕੇ ਜਮਹੂਰੀਅਤ ਖਤਮ ਕਰਦਿਆਂ ਤਾਨਾਸ਼ਾਹੀ ਸਥਾਪਤ ਕੀਤੀ ਜਾਵੇਗੀ। ਤਾਜ਼ਾ ਘਟਨਾ 'ਚ ਦਿੱਲੀ ਵਿੱਚ ਸ਼ਹੀਦ ਭਗਤ ਸਿੰਘ ਛਾਤਰ ਮੋਰਚਾ ਦੇ ਕਾਰਕੁਨਾਂ ਨੂੰ ਅਗਵਾ ਕਰਕੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਹੈ। ਕਗਾਰ ਉਪਰੇਸ਼ਨ ਦੇ ਨਾਂ 'ਤੇ ਝਾਰਖੰਡ ਅਤੇ ਛੱਤੀਸਗੜ੍ਹ ਦੇ ਜੰਗਲਾਂ ਨੂੰ ਦੂਜੀ ਗਾਜਾ ਪੱਟੀ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਮੋਦੀ ਦੇ ਪੈਰਾਂ 'ਚ ਪੈਰ ਧਰਦਿਆਂ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਹੈ। ਦੇਸ਼ ਵਿੱਚ ਜਿੱਥੇ ਇੱਕ ਪਾਸੇ ਦੇਸ਼ ਨੂੰ ਅਮਰੀਕਾ ਦਾ ਗੁਲਾਮ ਬਣਾਇਆ ਜਾ ਰਿਹਾ ਹੈ, ਉੱਥੇ ਸੂਬੇ ਵਿੱਚ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨੀ ਦੇ ਨਾਲ ਨਾਲ ਕਿਰਤੀ ਵਰਗ ਨੂੰ ਉਜਾੜਿਆ ਜਾ ਰਿਹਾ ਹੈ। ਮਨੂਵਾਦੀ ਫਾਸ਼ੀ ਹਕੂਮਤ ਦੇ ਇਹਨਾਂ ਹੱਲਿਆਂ ਦਾ ਟਾਕਰਾ ਲੋਕ ਸ਼ਕਤੀ ਨਾਲ ਕਰਨ ਲਈ ਆਉਂਦੇ ਸਮੇਂ 'ਚ ਜ਼ੋਰਦਾਰ ਅੰਦੋਲਨ ਚਲਾਉਣ ਹਿੱਤ ਸਮੂਹ ਅਗਾਂਹ ਵਧੂ ਲੋਕਾਂ ਨੂੰ ਕਨਵੈਂਨਸ਼ਨ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ।