ਸ਼ਹੀਦ ਭਗਤ ਸਿੰਘ ਨਗਰ :(ਮਨੋਰੰਜਨ ਕਾਲੀਆ) ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਪੈਦਾਵਾਰ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਰਾਕੇਸ਼ ਕੁਮਾਰ ਸ਼ਰਮਾ ਕਨਵੀਨਰ ਖੇਤੀਬਾੜੀ ਪੈਦਾਵਾਰ ਕਮੇਟੀ ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਮਹਿਕਮਿਆਂ ਦੇ ਅਧਿਕਾਰੀ ਅਤੇ ਕਿਸਾਨ ਮੈਂਬਰ ਸ਼ਾਮਲ ਹੋਏ।
ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ਼ਹੀਦ ਭਗਤ ਸਿੰਘ ਨਗਰ ਵਲੋਂ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਫ਼ਸਲੀ ਵਿਭਿੰਨਤਾ ਅਤੇ ਬਾਗਾਂ ਦੀ ਕਾਸ਼ਤ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਰਵਾਇਤੀ ਫਸਲਾਂ ਹੇਠ ਰਕਬਾ ਕੱਢ ਕੇ ਬਾਗਾਂ ਅਤੇ ਸਬਜ਼ੀਆਂ ਹੇਠ ਲਿਆਂਦਾ ਜਾ ਸਕੇ। ਇਸ ਦੌਰਾਨ ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਆੜੂ, ਨਾਖਾ ਦੇ ਬਾਗਾਂ ਦੀ ਵਧੀਆ ਕਾਸ਼ਤ ਹੋ ਸਕਦੀ ਹੈ ਅਤੇ ਸਰਕਾਰ ਵਲੋਂ ਬਾਗਾਂ ਦੀ ਕਾਸ਼ਤ ਵਾਸਤੇ 50 ਹਜ਼ਾਰ ਰੁਪਏ ਸਬਸਿਡੀ ਪ੍ਰਤੀ ਹੈਕਟੇਅਰ ਦਿੱਤੀ ਜਾ ਰਹੀ ਹੈ ਜੋ ਕਿ ਪਹਿਲੇ ਸਾਲ 30 ਹਜ਼ਾਰ ਰੁਪਏ ਅਤੇ ਦੂਜੇ ਸਾਲ 20 ਹਜ਼ਾਰ ਰੁਪਏ ਦਿੱਤੀ ਜਾਵੇਗੀ। ਇਸ ਦੌਰਾਨ ਸ੍ਰੀ ਰਾਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ਼ਹੀਦ ਭਗਤ ਸਿੰਘ ਨਗਰ ਜੀ ਨੇ ਖਾਦਾਂ ਦੀ ਆ ਰਹੀ ਕਿੱਲਤ ਸਬੰਧੀ ਮਾਰਕਫੈਡ ਅਤੇ ਇਫ਼ਕੇ ਨੂੰ ਨਿਰਦੇਸ਼ ਦਿੱਤਾ ਕਿ ਇਸ ਹਫ਼ਤੇ ਦੇ ਅੰਦਰ-ਅੰਦਰ ਖ਼ਾਦ ਦੀ ਥੋੜ੍ਹੀ-ਬਹੁਤ ਕਿੱਲਤ ਆ ਰਹੀ ਹੈ, ਉਸ ਨੂੰ ਦੂਰ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਖ਼ੁਦ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਦੌਰਾਨ ਉਹਨਾਂ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਅਤੇ ਸਹਾਇਕ ਨਿਰਦੇਸ਼ਕ ਬਗਾਵਾਨੀ ਅਫ਼ਸਰ ਨੂੰ ਨਿਰਦੇਸ਼ ਦਿੱਤਾ ਕਿ ਬੇਬੀ ਕੌਰਨ ਮੱਕੀ, ਆੜੂ ਅਤੇ ਮਟਰਾਂ ਹੇਠ ਰਕਬੇ ਨੂੰ ਵਧਾਇਆ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਫ਼ਸਲੀ ਵਿਭਿੰਨਤਾ ਦੀ ਹੱਬ ਬਣਾਇਆ ਜਾ ਸਕੇ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵਲੋਂ ਦੱਸਿਆ ਗਿਆ ਕਿ ਕਿਸਾਨਾਂ ਨੂੰ ਨੈਸ਼ਨਲ ਫੂਡ ਸਕਿਊਰਟੀ ਮਿਸ਼ਨ ਅਧੀਨ ਕਿਸਾਨਾਂ ਨੂੰ 8 ਕੁਇੰਟਲ ਗਰਮ ਰੁੱਤ ਦੀ ਮੂੰਗੀ ਦਾ ਬੀਜ ਅਤੇ ਸਾਉਣੀ ਰੁੱਤ ਦੀ ਮੂੰਗੀ ਦਾ 5 ਕੁਇੰਟਲ ਬੀਜ 50 ਰੁਪਏ ਪ੍ਰਤੀ ਕਿਲੋ ਸਬਸਿਡੀ ਤੇ ਮੁਹੱਈਆ ਕਰਵਾਇਆ ਗਿਆ। ਫ਼ਸਲੀ ਵਿਭਿੰਨਤਾ ਸਕੀਮ ਅਧੀਨ ਮੱਕੀ ਦੀਆਂ 350 ਹੈਕਟੇਅਰ ਰਕਬੇ ਦੀਆਂ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ। ਇਸ ਸਮੇਂ ਮੀਟਿੰਗ ਦੌਰਾਨ ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਵਲੋਂ ਜਿਲ੍ਹੇ ਅੰਦਰ ਫ਼ਸਲੀ ਵਿਭਿੰਨਤਾ ਵਧਾਉਣ ਲਈ ਜ਼ਰੂਰੀ ਸੁਝਾਅ ਦਿੱਤੇ ਗਏ।