ਤਰਨਤਾਰਨ : ਸਰਹੱਦੀ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰਨ ਵਾਲੇ ਇਕ ਪਾਕਿਸਤਾਨੀ ਨਾਗਰਿਕ ਨੂੰ ਬੀਐੱਸਐੱਫ ਵੱਲੋਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਬੀਐੱਸਐੱਫ ਵੱਲੋਂ ਨਾਗਰਿਕ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੀਐੱਸਐੱਫ ਦੀ 103 ਬਟਾਲੀਅਨ ਦੇ ਜਵਾਨ ਜਦੋਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਕਲਸ ਵਿਖੇ ਗਸ਼ਤ ਕਰ ਰਹੇ ਸਨ ਤਾਂ ਇਕ ਸ਼ੱਕੀ ਵਿਅਕਤੀ ਭਾਰਤੀ ਖੇਤਰ ਵਿਚ ਦਾਖਲ ਹੁੰਦਾ ਨਜ਼ਰ ਆਇਆ, ਜਿਸ ਨੂੰ ਵੇਖਦੇ ਹੀ ਬੀਐੱਸਐੱਫ ਵੱਲੋਂ ਆਤਮ ਸਮਰਪਣ ਕਰਨ ਸਬੰਧੀ ਲਲਕਾਰਾ ਮਾਰਿਆ ਗਿਆ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਹਰਕਤ 'ਚ ਆਉਂਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਤਹਿਤ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਦੀ ਉਮਰ ਕਰੀਬ 28 ਤੋਂ 30 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਜਿਸ ਨੂੰ ਹਿਰਾਸਤ ਵਿੱਚ ਲੈਣ ਉਪਰੰਤ ਬੀਐੱਸਐੱਫ ਤੋਂ ਇਲਾਵਾ ਹੋਰ ਵੱਖ-ਵੱਖ ਏਜੰਸੀਆਂ ਵੱਲੋਂ ਪੁੱਛਗਿੱਛ ਜਾਰੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਬੰਧਤ ਪਾਕਿਸਤਾਨੀ ਨਾਗਰਿਕ ਕਿਸਾਨ ਹੈ ਜੋ ਗਲਤੀ ਨਾਲ ਜ਼ੀਰੋ ਲਾਈਨ ਨੂੰ ਪਾਰ ਕਰਦੇ ਹੋਏ ਭਾਰਤੀ ਖੇਤਰ ਵਿੱਚ ਆ ਪੁੱਜਾ ਹੈ। ਫਿਲਹਾਲ ਬੀਐੱਸਐੱਫ ਵੱਲੋਂ ਇਸ ਸਬੰਧੀ ਕੋਈ ਵੀ ਅਧਿਕਾਰੀਕ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।