ਅੰਮ੍ਰਿਤਸਰ : ਸ਼ਹਿਰ ਦੇ ਕਈ ਨਾਮੀ ਸਕੂਲਾਂ ਨੂੰ ਅੱਜ ਸਵੇਰੇ ਇੱਕੋ ਜਿਹੇ ਧਮਕੀ ਭਰੇ ਈਮੇਲ ਪ੍ਰਾਪਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਜ਼ਿਲ੍ਹੇ ਦੇ ਸਮੂਹ ਸਰਕਾਰੀ, ਪ੍ਰਾਈਵੇਟ ਅਤੇ ਐਡਿਡ ਸਕੂਲਾਂ ਵਿੱਚ ਤੁਰੰਤ ਛੁੱਟੀ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਅਧਿਕਾਰਕ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਪੂਰੀ ਤਰ੍ਹਾਂ ਸੁਰੱਖਿਤ ਹਨ ਅਤੇ ਪ੍ਰਸ਼ਾਸਨ ਸਾਰੀ ਸਥਿਤੀ ‘ਤੇ ਮੁਸਤੈਦੀ ਨਾਲ ਨਿਗਰਾਨੀ ਕਰ ਰਿਹਾ ਹੈ। ਅਧਿਕਾਰੀਆਂ ਵੱਲੋਂ ਸਕੂਲਾਂ ਵਿੱਚ ਨਿਰੀਖਣ ਵੀ ਕੀਤਾ ਗਿਆ ਹੈ ਅਤੇ ਹੁਣ ਤੱਕ ਕਿਸੇ ਵੀ ਜਗ੍ਹਾ ਤੋਂ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।
ਧਮਕੀ ਵਾਲਾ ਈਮੇਲ ਮਿਲਣ ਬਾਅਦ ਕਈ ਸਕੂਲਾਂ ਨੇ ਸਵੇਰੇ ਹੀ ਮਾਪਿਆਂ ਨੂੰ ਛੁੱਟੀ ਬਾਰੇ ਸੂਚਿਤ ਕੀਤਾ, ਜਿਸ ਕਾਰਨ ਮਾਪੇ ਤੁਰੰਤ ਸਕੂਲਾਂ ‘ਚ ਪਹੁੰਚ ਕੇ ਆਪਣੇ ਬੱਚਿਆਂ ਨੂੰ ਘਰ ਲੈ ਗਏ। ਦੂਜੇ ਪਾਸੇ ਪੁਲਸ ਦੇ ਉੱਚ ਅਫਸਰ ਵੀ ਸਕੂਲਾਂ ਵਿੱਚ ਪਹੁੰਚ ਕੇ ਸਾਰੀਆਂ ਸੁਰੱਖਿਆ ਕਾਰਵਾਈਆਂ ਦੀ ਮੋਨੀਟਰਿੰਗ ਕਰ ਰਹੇ ਹਨ।
ਦੱਸ ਦੇਈਏ ਕਿ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਹਿਰ ਅਤੇ ਆਸ-ਪਾਸ ਦੇ ਪੇਂਡੂ ਇਲਾਕਿਆਂ ਦੇ ਕਈ ਸਕੂਲਾਂ ਨੂੰ ਸ਼ੱਕੀ ਈਮੇਲ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰ ਸਕੂਲ ਵਿੱਚ ਇੱਕ ਗਜੇਟਿਡ ਅਫ਼ਸਰ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਐਂਟੀ-ਸੈਬੋਟਾਜ਼ ਚੈਕ ਜਾਰੀ ਹਨ, ਤਾਂ ਜੋ ਕਿਸੇ ਵੀ ਸੰਭਾਵਿਤ ਖਤਰੇ ਨੂੰ ਪਹਿਲਾਂ ਤੋਂ ਟਾਲਿਆ ਜਾ ਸਕੇ।ਸਾਈਬਰ ਪੁਲਸ ਸਟੇਸ਼ਨ ਇਸ ਈਮੇਲ ਦੇ ਸਰੋਤ ਦੀ ਪਛਾਣ ਕਰਨ ਲਈ ਟੈਕਨੀਕਲ ਜਾਂਚ ਕਰ ਰਿਹਾ ਹੈ। ਪ੍ਰਸ਼ਾਸਨਕ ਸਰੋਤਾਂ ਮੁਤਾਬਕ, ਪਿਛਲੇ ਸਮਿਆਂ ਵਿੱਚ ਕੁਝ ਵਿਦਿਆਰਥੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਦੇ ਜ਼ਿੰਮੇਵਾਰ ਨਿਕਲੇ ਸਨ, ਇਸ ਲਈ ਜਾਂਚ ਦੇ ਹਰ ਪਹਿਲੂ ਨੂੰ ਧਿਆਨ ਨਾਲ ਖੰਗਾਲਿਆ ਜਾ ਰਿਹਾ ਹੈ। ਪੁਲਸ ਨੇ ਲੋਕਾਂ ਨੂੰ ਕਿਹਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਸਾਰੀ ਸਥਿਤੀ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਪੁਲਸ ਪੂਰੀ ਤਰ੍ਹਾਂ ਅਲਰਟ ਅਤੇ ਡਿਊਟੀ ‘ਤੇ ਤਾਇਨਾਤ ਹੈ।
ਇਸੇ ਤਰ੍ਹਾਂ ਸਕੂਲਾਂ ਨੂੰ ਮਿਲਿਆ ਈ-ਮੇਲ ਸਬੰਧੀ ਜਾਣਕਾਰੀ ਦਿੰਦੇ ਹੋਏ ਆਲਮ ਵਿਜੇ ਸਿੰਘ, ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਨੇ ਲੋਕਾਂ ਨੂੰ ਹੌਂਸਲਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਪੁਲਸ ਪੂਰੀ ਤਰ੍ਹਾਂ ਅਲਰਟ ਅਤੇ ਡਿਊਟੀ ‘ਤੇ ਤਾਇਨਾਤ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।