ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅੱਜ ਵਕੀਲਾਂ ਵਲੋਂ ਹੜਤਾਲ ਕਰ ਦਿੱਤੀ ਗਈ। ਦਰਅਸਲ ਹਿਸਾਰ ਪੁਲਸ 'ਤੇ ਲੱਗੇ ਵਕੀਲ ਦੀ ਕੁੱਟਮਾਰ ਦੇ ਗੰਭੀਰ ਇਲਜ਼ਾਮਾਂ ਕਾਰਨ ਹਾਈਕੋਰਟ ਦੇ ਵਕੀਲਾਂ ਨੇ ਕੰਮ ਬੰਦ ਕਰ ਦਿੱਤਾ। ਬਾਰ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗਗਨਦੀਪ ਜੰਮੂ ਨੇ ਦੱਸਿਆ ਕਿ ਪੀੜਤ ਅਮਿਤ ਸਮੇਤ ਬਾਰ ਦੇ ਮੈਂਬਰਾਂ ਵਲੋਂ ਕੁੱਟਮਾਰ ਦੀ ਸ਼ਿਕਾਇਤ ਸਬੰਧੀ ਆਮ ਸਭਾ 'ਚ ਐਮਰਜੈਂਸੀ ਬੈਠਕ ਬੁਲਾਈ ਗਈ ਸੀ।
ਅਮਿਤ ਬਾਰ ਦੇ ਮੈਂਬਰ ਹਨ, ਉਨ੍ਹਾਂ ਨਾਲ ਸੀ. ਆਈ. ਏ.-1 ਹਿਸਾਰ ਦੇ ਅਧਿਕਾਰੀਆਂ ਵਲੋਂ ਦੁਰਵਿਵਹਾਰ ਕੀਤਾ ਗਿਆ ਸੀ ਅਤੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਅਪੀਲ ਕੀਤੇ ਜਾਣ ਦੇ ਬਾਵਜੂਦ ਮੋਹਾਲੀ/ਨਵਾਂਗਾਓਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਤੋਂ ਬਾਅਦ ਆਮ ਸਭਾ ਨੇ ਸਰਵ ਸੰਮਤੀ ਨਾਲ ਅੱਜ ਹੜਤਾਲ ਕਰਨ ਦਾ ਫ਼ੈਸਲਾ ਕੀਤਾ। ਇਸ ਸਬੰਧੀ ਅੱਗੇ ਦੀ ਕਾਰਵਾਈ 'ਤੇ ਫ਼ੈਸਲਾ ਲੈਣ ਲਈ ਭਲਕੇ ਆਮ ਸਭਾ ਦੀ ਬੈਠਕ ਫਿਰ ਬੁਲਾਈ ਗਈ ਹੈ।