ਮੋਗਾ-ਬਰਨਾਲਾ ਰਾਸ਼ਟਰੀ ਮਾਰਗ 'ਤੇ ਵੀਰਵਾਰ ਸਵੇਰੇ ਵਾਪਰੇ ਭਿਆਨਕ ਹਾਦਸੇ ਵਿਚ ਇਕ ਕਾਰ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਕਾਰ ਸਵਾਰ ਮੋਗਾ ਤੋਂ ਬਰਨਾਲਾ ਸਾਈਡ ਆ ਰਹੇ ਸਨ ਕਿ ਪਿੰਡ ਮਾਛੀਕੇ ਨਜ਼ਦੀਕ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਗੈਸ ਦੇ ਭਰੇ ਕੈਂਟਰ ਦੇ ਪਿਛਲੇ ਪਾਸੇ ਵੱਜੀ ਕਾਰ ਇੰਨੀ ਤੇਜ਼ ਸੀ ਕਿ ਕਾਰ ਗੈਸ ਕੈਂਟਰ ਦੇ ਹੇਠਾਂ ਜਾ ਵੜੀ।
ਇਸ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਇਕ ਵਿਅਕਤੀ ਰਣਧੀਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਦੇ ਭਤੀਜੇ ਜੱਸੂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਉਕਤ ਕਾਰ ਸਵਾਰ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਦੇ ਦੱਸੇ ਜਾ ਰਹੇ ਹਨ। ਗੈਸ ਕੈਂਟਰ ਦਾ ਨੁਕਸਾਨ ਹੋਣੋ ਬਚ ਗਿਆ ਨਹੀਂ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ।