ਨਵੀਂ ਦਿੱਲੀ : ਸੰਸਦ ਵਿੱਚ ਅੱਜ ਵੀ ਆਪ੍ਰੇਸ਼ਨ ਸਿੰਦੂਰ 'ਤੇ ਬਹਿਸ ਜਾਰੀ ਹੈ। ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਹਿਸ ਸ਼ੁਰੂ ਕੀਤੀ ਸੀ ਅਤੇ ਅੱਜ ਵੀ ਇਸ ਸਬੰਧ ਵਿਚ ਬਹਿਸ ਜਾਰੀ ਹੈ। ਲੋਕ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਹਮਲੇ 'ਤੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਤਿੰਨੋਂ ਅੱਤਵਾਦੀ ਮਾਰੇ ਗਏ ਹਨ। ਉਹਨਾਂ ਕਿਹਾ ਕਿ ਕੱਲ੍ਹ ਆਪ੍ਰੇਸ਼ਨ ਮਹਾਦੇਵ ਵਿੱਚ ਪਹਿਲਗਾਮ ਹਮਲੇ ਵਿੱਚ ਸ਼ਾਮਲ ਤਿੰਨ ਅੱਤਵਾਦੀ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਮਾਰੇ ਗਏ ਸਨ। ਫੌਜ, ਸੀਆਰਪੀਐਫ ਅਤੇ ਕਸ਼ਮੀਰ ਪੁਲਸ ਦੇ ਇੱਕ ਆਪ੍ਰੇਸ਼ਨ ਵਿੱਚ ਤਿੰਨ ਅੱਤਵਾਦੀ ਸੁਲੇਮਾਨ, ਅਫਰਾਨ ਅਤੇ ਜਿਬਰਾਨ ਮਾਰੇ ਗਏ ਸਨ।
ਉਹਨਾਂ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਸਬੂਤ ਹਨ ਕਿ ਸੁਲੇਮਾਨ ਲਸ਼ਕਰ ਦਾ ਕਮਾਂਡਰ ਸੀ ਅਤੇ ਪਹਿਲਗਾਮ ਹਮਲੇ ਅਤੇ ਗਗਨਵੀਰ ਅੱਤਵਾਦੀ ਹਮਲੇ ਵਿੱਚ ਸ਼ਾਮਲ ਸੀ। ਅਫਰਾਨ ਅਤੇ ਜਿਬਰਾਨ ਏ ਗ੍ਰੇਡ ਅੱਤਵਾਦੀ ਸਨ। ਮੈਂ ਸਦਨ ਨੂੰ ਦੱਸਣਾ ਚਾਹੁੰਦਾ ਹਾਂ, "ਜਿਨ੍ਹਾਂ ਨੇ ਬੈਸਰਨ ਘਾਟੀ ਵਿੱਚ ਸਾਡੇ 26 ਲੋਕਾਂ ਨੂੰ ਮਾਰਿਆ, ਉਹ ਤਿੰਨੋਂ ਅੱਤਵਾਦੀ ਮਾਰੇ ਗਏ।" ਅਮਿਤ ਸ਼ਾਹ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ 4 ਲੋਕਾਂ ਨੇ ਕੀਤੀ ਗਈ ਹੈ, ਜੋ ਇਸ ਘਟਨਾ ਦਾ ਸ਼ਿਕਾਰ ਹੋਏ ਸਨ। ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੋ ਮਦਦਗਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹਥਿਆਰਬੰਦ ਬਲਾਂ ਨੂੰ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ। ਫੌਜ ਨੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅਮਿਤ ਸ਼ਾਹ ਨੇ ਕਿਹਾ ਕਿ 22 ਮਈ ਨੂੰ ਆਈ.ਬੀ. ਨੂੰ ਮਨੁੱਖੀ ਖੁਫੀਆ ਜਾਣਕਾਰੀ ਮਿਲੀ ਸੀ ਕਿ ਦਾਚੀਗਾਮ ਖੇਤਰ ਦੇ ਅੰਦਰ ਅੱਤਵਾਦੀਆਂ ਦੀ ਮੌਜੂਦਗੀ ਦੇਖੀ ਗਈ ਹੈ।
ਸ਼ਾਹ ਨੇ ਕਿਹਾ, "ਅਸੀਂ ਸੁਰੱਖਿਆ ਮੀਟਿੰਗ ਵਿੱਚ ਫ਼ੈਸਲਾ ਕੀਤਾ ਸੀ ਕਿ ਇਹ ਕਾਤਲ ਪਾਕਿਸਤਾਨ ਭੱਜ ਨਹੀਂ ਸਕਣਗੇ।" ਉਨ੍ਹਾਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਨ੍ਹਾਂ ਤਿੰਨ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ 26 ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਸੀ। ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਸ, ਸੀਆਰਪੀਐਫ ਅਤੇ ਫੌਜ ਨੇ ਇਹ ਕਾਰਵਾਈ ਕੀਤੀ। ਅੱਤਵਾਦੀਆਂ ਤੋਂ ਤਿੰਨ ਰਾਈਫਲਾਂ ਬਰਾਮਦ ਕੀਤੀਆਂ ਗਈਆਂ। ਅੱਤਵਾਦੀ ਸੁਲੇਮਾਨ, ਜਿਬਰਾਨ ਅਤੇ ਅਫਜ਼ਲ ਮਾਰੇ ਗਏ। ਪਹਿਲਗਾਮ ਵਿੱਚ ਜਿਨ੍ਹਾਂ ਰਾਈਫਲਾਂ ਨਾਲ ਹਮਲਾ ਕੀਤਾ ਗਿਆ ਸੀ, ਉਹ ਵੀ ਅੱਤਵਾਦੀਆਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਅੱਤਵਾਦੀਆਂ ਤੋਂ ਐਮ9 ਅਮਰੀਕਨ ਰਾਈਫਲਾਂ ਅਤੇ ਦੋ ਏਕੇ-47 ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਤੋਂ ਬਰਾਮਦ ਕੀਤੇ ਗਏ ਕਾਰਤੂਸਾਂ ਦੀ ਪੁਸ਼ਟੀ ਵਿਗਿਆਨੀਆਂ ਨੇ ਕੀਤੀ ਹੈ।
ਲੋਕ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਸੰਸਦ ਮੈਂਬਰ ਪੀ.ਚਿਦੰਬਰਮ ਦੇ ਉਸ ਬਿਆਨ ਦੀ ਆਲੋਚਨਾ ਕੀਤੀ, ਜਿਸ ਵਿਚ ਚਿਦੰਬਰਮ ਨੇ ਸਵਾਲ ਉਠਾਇਆ ਕਿ ਕੀ ਇਸ ਗੱਲ ਦਾ ਸਬੂਤ ਹੈ ਕਿ ਅੱਤਵਾਦੀ ਪਾਕਿਸਤਾਨੀ ਸਨ? ਉਨ੍ਹਾਂ ਕਿਹਾ ਕਿ ਸਾਡੇ ਕੋਲ ਸਬੂਤ ਹਨ, ਜੋ ਮੈਂ ਸਦਨ ਦੇ ਸਾਹਮਣੇ ਪੇਸ਼ ਕਰਾਂਗਾ। ਸਾਡੇ ਕੋਲ ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਦੋ ਦੇ ਵੋਟਰ ਨੰਬਰ ਹਨ, ਜਿਸ ਤੋਂ ਪਤਾ ਲੱਗਣ ਦਾ ਹੈ ਕਿ ਉਹ ਪਾਕਿਸਤਾਨੀ ਅੱਤਵਾਦੀ ਸਨ। ਅੱਤਵਾਦੀਆਂ ਦੀਆਂ ਜੇਬਾਂ ਵਿੱਚੋਂ ਮਿਲੀਆਂ ਚਾਕਲੇਟਾਂ ਵੀ ਪਾਕਿਸਤਾਨ ਵਿੱਚ ਬਣੀਆਂ ਸਨ। ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕਾਂਗਰਸ ਦੇ ਸਾਬਕਾ ਗ੍ਰਹਿ ਮੰਤਰੀ ਸਬੂਤ ਮੰਗ ਰਹੇ ਹਨ। ਇਸ ਦੌਰਾਨ ਸਦਨ ਵਿੱਚ ਹੰਗਾਮਾ ਹੋਇਆ। ਗ੍ਰਹਿ ਮੰਤਰੀ ਨੇ ਵਿਰੋਧੀ ਧਿਰ ਨੂੰ ਸਬਰ ਰੱਖਣ ਲਈ ਕਿਹਾ, ਇਹ ਹੁਣੇ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ, "ਮੈਂ ਘਟਨਾ ਬਾਰੇ ਪੂਰੀ ਜਾਣਕਾਰੀ ਦੇਵਾਂਗਾ।"