ਨੋਇਡਾ : ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਥਾਣਾ ਰਬੂਪੁਰਾ ਖੇਤਰ ’ਚ ਬੁੱਧਵਾਰ ਨੂੰ ਨਿਰਮਾਣ ਅਧੀਨ ਤਿੰਨ ਮੰਜ਼ਿਲਾ ਮਕਾਨ ਦੀ ਸ਼ਟਰਿੰਗ ਖੋਲ੍ਹਦੇ ਸਮੇਂ ਅਚਾਨਕ ਛੱਤ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ’ਚ ਕਈ ਹੋਰ ਮਜ਼ਦੂਰ ਜ਼ਖ਼ਮੀ ਹੋਏ ਹਨ। ਪੁਲਸ ਨੇ ਮਕਾਨ ਮਾਲਿਕ ਖ਼ਿਲਾਫ਼ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਮੁਤਾਬਕ ਨਗਲਾ ਹੁਕੁਮ ਪਿੰਡ ’ਚ ਮਹਾਬੀਰ ਨਾਮੀ ਵਿਅਕਤੀ ਦੇ ਨਿਰਮਾਣ ਅਧੀਨ ਮਕਾਨ ’ਚ ਦੁਪਹਿਰ ਦੇ ਸਮੇਂ ਲੈਂਟਰ ਦੀ ਸ਼ਟਰਿੰਗ ਖੋਲ੍ਹੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਛੱਤ ਡਿੱਗ ਪਈ, ਜਿਸ ਨਾਲ ਕਈ ਮਜ਼ਦੂਰ ਮਲਬੇ ਹੇਠ ਦੱਬੇ ਗਏ। ਸੂਚਨਾ ਮਿਲਣ ’ਤੇ ਪੁੱਜੀਆਂ ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੀਆਂ ਬਚਾਅ ਟੀਮਾਂ ਨੇ ਲੰਮੇਂ ਸਮੇਂ ਤੱਕ ਚੱਲੇ ਰੈਸਕਿਊ ਮੁਹਿੰਮ ਤੋਂ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ।
ਸ਼ੁਰੂਆਤ ’ਚ ਇਕ ਮਜ਼ਦੂਰ ਦੀ ਮੌਤ ਦੀ ਪੁਸ਼ਟੀ ਹੋਈ ਸੀ ਪਰ ਬਾਅਦ ’ਚ ਇਲਾਜ ਦੌਰਾਨ 3 ਹੋਰ ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜ਼ੀਸ਼ਾਨ (22), ਸ਼ਾਕਿਰ (38), ਨਦੀਮ (25) ਅਤੇ ਕਾਮਿਲ (20) ਵਜੋਂ ਹੋਈ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਹੋ ਕੇ ਵੀਰਵਾਰ ਸਵੇਰ ਤੱਕ ਜਾਰੀ ਰਿਹਾ। ਮੌਕੇ ਤੋਂ ਕੁੱਲ 10 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ।