ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਲੋਕ ਸਭਾ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਆਲੋਚਨਾ ਕਰਨ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਕੋਲ ਆਪਣੀਆਂ "ਅਸਫਲਤਾਵਾਂ" ਦਾ ਕੋਈ ਜਵਾਬ ਨਹੀਂ ਹੈ ਅਤੇ ਉਹ ਲੋਕਾਂ ਦਾ ਧਿਆਨ ਭਟਕਾਉਣ, ਵਿਗਾੜਨ ਅਤੇ ਬਦਨਾਮ ਕਰਨ ਦਾ ਰਾਸਤਾ ਭਾਲਦੇ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਲੋਕ ਸਭਾ ਵਿੱਚ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੋਵਾਂ ਨੇ ਇੱਕ ਵਾਰ ਫਿਰ ਦਿਖਾਇਆ ਕਿ ਉਹ ਜਵਾਹਰ ਲਾਲ ਨਹਿਰੂ ਦੇ ਮਾਮਲੇ ਵਿੱਚ "ਜਨੂੰਨੀ-ਮਜਬੂਰੀ ਵਿਕਾਰ" (ਮਾਨਸਿਕ ਸਿਹਤ ਵਿਕਾਰ) ਤੋਂ ਪੀੜਤ ਹਨ।
ਉਨ੍ਹਾਂ 'ਐਕਸ' 'ਤੇ ਪੋਸਟ ਕੀਤਾ, "ਸੰਭਵ ਹੈ ਕਿ ਅੱਜ ਰਾਜ ਸਭਾ ਵਿੱਚ ਵੀ ਇਹੀ ਦੇਖਣ ਨੂੰ ਮਿਲੇ।" ਕਾਂਗਰਸ ਨੇਤਾ ਨੇ ਕਿਹਾ, "ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕੋਲ ਆਪਣੀਆਂ ਮੌਜੂਦਾ ਅਸਫਲਤਾਵਾਂ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕੋਲ ਆਪਣੀਆਂ ਨੀਤੀਆਂ ਅਤੇ ਕਾਰਵਾਈਆਂ 'ਤੇ ਉਠਾਏ ਜਾ ਰਹੇ ਜਾਇਜ਼ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ।" ਉਨ੍ਹਾਂ ਦੋਸ਼ ਲਾਇਆ ਕਿ ਅਰਥਪੂਰਨ ਚਰਚਾਵਾਂ ਵਿੱਚ ਸ਼ਾਮਲ ਹੋਣ ਦੀ ਬਜਾਏ, ਉਹ ਲੋਕਾਂ ਨੂੰ ਭਟਕਾਉਂਦੇ ਹਨ, ਮੋੜਦੇ ਹਨ, ਵਿਗਾੜਦੇ ਹਨ ਅਤੇ ਬਦਨਾਮ ਕਰਦੇ ਹਨ।
ਲੋਕ ਸਭਾ ਵਿੱਚ 'ਆਪ੍ਰੇਸ਼ਨ ਸਿੰਦੂਰ' 'ਤੇ ਇੱਕ ਵਿਸ਼ੇਸ਼ ਚਰਚਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਕਸਾਈ ਚਿਨ ਦਾ 38,000 ਕਿਲੋਮੀਟਰ ਤੋਂ ਵੱਧ ਹਿੱਸਾ ਗੁਆ ਦਿੱਤਾ ਹੈ। ਉਨ੍ਹਾਂ ਨੇ ਸਿੰਧੂ ਜਲ ਸੰਧੀ ਸਮਝੌਤੇ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ "ਵੱਡੀ ਗਲਤੀ" ਕੀਤੀ ਸੀ। ਮੋਦੀ ਨੇ ਕਿਹਾ ਕਿ ਅੱਜ ਜਿਹੜੇ ਲੋਕ ਪੁੱਛ ਰਹੇ ਹਨ ਕਿ ਪੀਓਕੇ ਨੂੰ ਵਾਪਸ ਕਿਉਂ ਨਹੀਂ ਲਿਆ ਗਿਆ, ਉਹਨਾਂ ਨੂੰ ਸਭ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਦੇਣਾ ਪਵੇਗਾ ਕਿ ਕਿਸ ਦੀ ਸਰਕਾਰ ਨੇ ਪਾਕਿਸਤਾਨ ਨੂੰ ਇਸ ਖੇਤਰ 'ਤੇ ਕਬਜ਼ਾ ਕਰਨ ਦਾ ਮੌਕਾ ਦਿੱਤਾ ਸੀ? ਸ਼ਾਹ ਨੇ ਦੋਸ਼ ਲਗਾਇਆ ਸੀ ਕਿ ਪੀਓਕੇ ਦੀ ਹੋਂਦ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕਾਰਨ ਹੈ ਅਤੇ ਪਾਕਿਸਤਾਨ 'ਕਾਂਗਰਸ ਦੀ ਗਲਤੀ' ਹੈ।